ਕੁਸ਼ਟ ਰੋਗ ਇਲਾਜ ਯੋਗ, ਡਰੋ ਨਾਂ ਇਲਾਜ ਕਰਵਾਓ : ਸਿਵਲ ਸਰਜਨ ਬਰਨਾਲਾ
ਬਰਨਾਲਾ, 30 ਜਨਵਰੀ 2024
ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਪਰਸ਼ ਕੁਸ਼ਟ ਰੋਗ ਜਾਗਰੂਕਤਾ ਮੁਹਿੰਮ ਤਹਿਤ ‘ਕੁਸ਼ਟ ਰੋਗ ਵਿਰੁੱਧ ਆਖਰੀ ਯੁੱਧ ‘ ਕੁਸ਼ਟ ਰੋਗ ਨਿਵਾਰਨ ਦਿਵਸ ਦੇ ਤੌਰ ਤੇ ਜ਼ਿਲ੍ਹਾ ਭਰ ਚ ਮਨਾਇਆ ਜਾ ਰਿਹਾ ਹੈ। ਇਸ ਦਾ ਮੁੱਖ ਮੰਤਵ ਕੁਸ਼ਟ ਰੋਗੀਆਂ ਨੂੰ ਦੱਸਣਾ ਹੈ ਕਿ ਉਹ ਇਸ ਰੋਗ ਤੋਂ ਨਾ ਡਰਣ ਬਲਕਿ ਆਪਣਾ ਇਲਾਜ ਕਰਵਾਉਣ।ਸੀਨੀਅਰ ਮੈਡੀਕਲ ਅਫਸਰ ਬਰਨਾਲਾ ਡਾ. ਤਪਿੰਦਰਜੋਤ ਕੌਸਲ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਵਿਖੇ ਇਸਦੀ ਜਾਂਚ ਅਤੇ ਇਲਾਜ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ।
ਜ਼ਿਲ੍ਹਾ ਲੈਪਰੋਸੀ ਅਫਸਰ ਡਾ. ( ਮੇਜ਼.) ਕਾਕੁਲ ਨੇ ਦੱਸਿਆ ਕਿ ਕੁਸ਼ਟ ਰੋਗ ਚਮੜੀ ਤੇ ਹਲਕੇ ਲਾਲ, ਚਿੱਟੇ ਜਾਂ ਤਾਂਬੇ ਰੰਗ ਦੇ ਦਾਗ ਜੋ ਕਿ ਸੁੰਨ ਹੋਣ ਜਾਂ ਦਾਗ ਵਾਲੀ ਜਗ੍ਹਾ ਤੋਂ ਵਾਲ ਝੜ ਜਾਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਪੂਰਾ ਸਮਾਂ ਇਲਾਜ ਕਰਾਉਣਾ ਚਾਹੀਦਾ ਹੈ। ਕੁਸ਼ਟ ਰੋਗ ਹੋਰ ਸਧਾਰਨ ਰੋਗਾਂ ਵਾਂਗ ਪੂਰੀ ਤਰ੍ਹਾਂ ਇਲਾਜ ਯੋਗ ਹੈ | ਇਸਦਾ ਸਮੇਂ ਸਿਰ ਪਤਾ ਲੱਗਣ ਤੇ ਪੂਰਾ ਇਲਾਜ ਕਰਵਾਉਣਾ ਚਾਹੀਦਾ ਹੈ। ਸਮੇਂ ਸਿਰ ਇਲਾਜ ਕਰਵਾਉਣ ਨਾਲ ਅਪੰਗਤਾ ਤੋਂ ਬਚਿਆ ਜਾ ਸਕਦਾ ਹੈ। ਸੁਰਿੰਦਰ ਸਿੰਘ ਵਿਰਕ ਨਾਨ ਮੈਡੀਕਲ ਸੁਪਰਵਾਇਜਰ ਵੱਲੋਂ ਆਪਣੀ ਟੀਮ ਸਮੇਤ ਕੁਸ਼ਟ ਆਸ਼ਰਮ ਚ ਦਵਾਈਆਂ ਅਤੇ ਪੱਟੀਆਂ ਵੰਡੀਆਂ ਗਈਆਂ ਅਤੇ ਕੁੱਝ ਦਿਨ ਪਹਿਲਾਂ ਸਿਹਤ ਵਿਭਾਗ ਵੱਲੋਂ ਕੁਸ਼ਟ ਆਸ਼ਰਮ ਚ ਪਹਿਨਣ ਲਈ ਬੂਟ ਵੀ ਵੰਡੇ ਗਏ।
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿਸੇ ਨੂੰ ਵੀ ਸਿਹਤ ਸਮੱਸਿਆ ਹੋਵੇ ਤਾਂ ਸਿਵਲ ਹਸਪਤਾਲ ਬਰਨਾਲਾ ਚ ਮੁਫਤ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।ਕੁਸ਼ਟ ਰੋਗੀ ਵੀ ਆਪਣਾ ਇਲਜ ਕਰਵਾ ਕੇ ਆਮ ਵਿਆਕਤੀ ਵਾਂਗ ਜ਼ਿੰਦਗੀ ਬਤੀਤ ਕਰ ਸਕਦਾ ਹੈ ਕਿਉਂਕਿ ਡਾਕਟਰੀ ਸਲਾਹ ਅਨੁਸਾਰ ਪੂਰਾ ਇਲਾਜ ਕਰਵਾ ਕੇ ਉਸ ਤੋਂ ਕਿਸੇ ਪ੍ਰਕਾਰ ਦੀ ਲਾਗ ਦੂਸਰੇ ਵਿਅਕਤੀ ਨੂੰ ਲੱਗਣ ਦਾ ਡਰ ਨਹੀਂ ਰਹਿੰਦਾ।