ਲੋਕ ਅਫਵਾਹਾਂ ਤੋਂ ਸੁਚੇਤ ਰਹਿਣ-ਸਿਵਲ ਸਰਜਨ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ-ਰਿਪੋਰਟ ਨੈਗਟਿਵ
ਗੁਰਦਾਸਪੁਰ, 9 ਸਤੰਬਰ ( ) ਸਿਵਲ ਸਰਜਨ ਡਾ.ਕਿਸ਼ਨ ਚੰਦ ਨੇ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜੇਕਰ ਕਿਸੇ ਵੀ ਤਰਾਂ ਦੇ ਕੋਰੋਨਾ ਦੇ ਲੱਛਣ ਜਿਵੇਂ ਬੁਖਾਰ, ਖਾਂਸੀ, ਜੁਕਾਮ, ਸਾਹ ਦਾ ਚੜਣਾ ਆਦਿ ਦਿਖਾਈ ਦਿੰਦੇ ਹਨ ਤਾਂ ਤੁਰੰਤ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੀਏ ਅਤੇ ਆਪਣਾ ਕੋਰੋਨਾ ਟੈਸਟ ਕਰਵਾਈਏ । ਉਨਾਂ ਕਿਹਾ ਕਿ ਬਿਮਾਰੀ ਨੂੰ ਛੁਪਾਓ ਨਾ। ਕਰੋਨਾ ਵਾਇਰਸ ਦਾ ਪਤਾ ਲੱਗਣ ਤੇ ਨਾਲ ਹੀ ਇਸਦਾ ਇਲਾਜ ਕੀਤਾ ਜਾ ਸਕੇ । ਜੇਕਰ ਕਿਸੇ ਵਿਅਕਤੀ ਦੀ ਕਰੋਨਾ ਰਿਪੋਰਟ ਪੋਜ਼ਟਿਵ ਆਉਂਦਾ ਹੈ ਤਾਂ ਆਪਣੇ ਘਰ ਵਿੱਚ ਏਕਾਂਤਵਾਸ ਹੋ ਸਕਦਾ/ਸਕਦੀ ਹੈ ਅਤੇ ਸਿਹਤ ਵਿਭਾਗ ਵਲੋਂ ਉਸ ਨੂੰ ਖਾਣ ਵਾਲੀਆਂ ਦਵਾਈਆਂ ਆਦਿ ਦਿੱਤੀਆਂ ਜਾਣਗੀਆਂ ਤੇ ਲਗਾਤਾਰ ਉਹਨਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਵੇਗਾ।
ਅੱਜ ਸਿਵਲ ਸਰਜਨ ਡਾ.ਕਿਸ਼ਨ ਚੰਦ, ਮਾਸ ਮੀਡੀਆ ਅਫਸਰ ਅਮਰਜੀਤ ਸਿੰਘ ਅਤੇ ਡਰਾਈਵਰ ਉਦਮ ਸਿੰਘ ਨੇ ਕੋਰੋਨਾ ਟੈਸਟ ਕਰਵਾਇਆ, ਜਿਸਦੀ ਰਿਪੋਰਟ ਨੈਗੇਟਿਵ ਆਈ ਹੈ । ਇਸ ਲਈ ਸਿਵਲ ਸਰਜਨ ਨੇ ਲੋਕਾਂ ਨੂੰ ਕਿਹਾ ਕਿ ਉਹ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਆਪਣਾ ਕੋਰੋਨਾ ਟੈਸਟ ਕਰਵਾਉਣਾ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ‘ਮਿਸ਼ਨ ਫਤਿਹ’ ਅਧੀਨ ਲੋਕਾਂ ਨੂੰ ਜਾਗਰੂਕ ਕਰਕੇ ਇਹ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਕਰੋਨਾ ਤੋਂ ਬਚਾਓ ਲਈ ਹੱਥਾਂ ਨੂੰ ਬਾਰ-ਬਾਰ ਧੋਵੋ, ਮਾਸਕ ਦਾ ਪ੍ਰਯੋਗ ਕਰੋ, ਸਮਾਜਿਕ ਦੂਰੀ ਬਣਾਈ ਰੱਖੋ ਅਤੇ ਜੇਕਰ ਬਹੁਤ ਜਰੂਰੀ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲੋ ।
ਉਨਾਂ ਅੱਗੇ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੋਰੋਨਾ ਟੈਸਟਿੰਗ ਕਾਰਗਰ ਹਥਿਆਰ ਹੈ ਅਤੇ ਬਿਮਾਰੀ ਦਾ ਸਮੇਂ ਸਿਰ ਪਤਾ ਲੱਗ ਜਾਣ ਕਾਰਨ ਪੀੜਤ ਦਾ ਇਲਾਜ ਸਮੇਂ ਸਿਰ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੀਤੇ ਜਾ ਰਹੇ ਕੋਰੋਨਾ ਟੈਸਟਿੰਗ ਦੌਰਾਨ ਲੋਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਆਪਣਾ ਕੋਰੋਨਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ।