ਤਰਨ ਤਾਰਨ, 02 ਦਸੰਬਰ :
ਕੋਰੋਨਾ ਵਾਇਰਸ ਨੂੰ ਠੱਲ ਪਾਉਣ ਲਈ “ਮਿਸ਼ਨ ਫਤਿਹ” ਤਹਿਤ ਸਿਹਤ ਵਿਭਾਗ ਵੱਲੋ 30 ਦਿਨਾਂ ਜਗਰੂਕਤਾ ਮੁਹਿੰਮ ਵਜੋਂ ਆਈ. ਈ. ਸੀ. ਵੈਨਾਂ ਦੀ ਸ਼ੁਰੂਆਤ ਪਿਛਲੇ ਦਿਨੀ ਚੰਡੀਗੜ੍ਹ ਤੋਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸਰਦਾਰ ਬਲਬੀਰ ਸਿੰਘ ਸਿੱਧੂ ਵੱਲੋਂ ਕੀਤੀ ਗਈ ਸੀ।ਤਰਨ ਤਾਰਨ ਪਹੁੰਚਣ ‘ਤੇ ਅੱਜ ਇਸ ਵੈਨ ਨੂੰ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰੋਹਿਤ ਮਹਿਤਾ ਨੇ ਹਰੀ ਝੰਡੀ ਦੇ ਕੇ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰੀ ਸਿਹਤ ਸੰਸਥਾਵਾਂ ਅਤੇ ਸ਼ਹਿਰੀ ਖੇਤਰ ਜਿੱਥੇ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਧੀ ਹੈ, ਉਨਾਂ ਖੇਤਰਾਂ ਵੱਲ ਰਵਾਨਾ ਕੀਤਾ ਗਿਆ।
ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਬਚਾਅ ਲਈ ਅਫਵਾਹਾਂ ਤੋਂ ਬਚਣਾ ਜ਼ਰੂਰੀ ਹੈ ਅਤੇ ਸਾਨੂੰ ਆਪਣਾ ਕੋਰੋਨਾ ਦਾ ਟੈਸਟ ਕਰਵਾਉਣਾ ਚਾਹੀਦਾ ਤਾਂ ਜੋ ਵਾਇਰਸ ਦਾ ਮੌਕੇ ਸਿਰ ਪਤਾ ਲੱਗਣ ਤੇ ਜ਼ਰੂਰੀ ਸਾਵਧਾਨੀਆਂ ਅਤੇ ਇਲਾਜ ਕੀਤਾ ਜਾ ਸਕੇ ।
ਇਸ ਦੇ ਆਮ ਲੱਛਣ ਬੁਖਾਰ ਖਾਂਸੀ, ਥਕਾਵਟ, ਦਸਤ, ਨੱਕ ਵਗਣਾ, ਸਾਹ ਲੈਣ ਵਿੱਚ ਤਕਲੀਫ਼ ਗਲੇ ਵਿੱਚ ਖਰਾਸ, ਸਵਾਦ ਅਤੇ ਸੁੰਘਣ ਸ਼ਕਤੀ ਦਾ ਘਟਣਾ ਹੁੰਦਾ ਹੈ । ਜੇਕਰ ਤੁਸੀ ਕਿਸੇ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਤਾਂ ਤਹਾਨੂੰ ਆਪਣਾ ਕੋਵਿਡ ਟੈਸਟ ਕਰਵਾਉਣਾ ਚਹੀਦਾ ਹੈ ਅਤੇ ਇਹ ਸਾਰੀਆਂ ਸਿਹਤ ਸੰਸਥਾਵਾਂ ਤੇ ਟੈਸਟ ਮੁਫਤ ਹੁੰਦਾ ਹੈ ।
ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਇਹ ਜਾਗਰੂਕਤਾ ਵੈਨ ਜਿਥੇ ਕੋਰੋਨਾ ਬਾਰੇ ਜਾਗਰੂਕਤਾ ਫੈਲਾਵੇਗੀ, ਉੱਥੇ ਇਸ ਵੈਨ ਦੇ ਨਾਲ ਸਿਹਤ ਵਿਭਾਗ ਦੀ ਟੀਮ ਵੱਲੋ ਕੋਵਿਡ-19 ਸਬੰਧੀ ਆਰ. ਟੀ. ਪੀ. ਸੀ. ਆਰ. ਜਾਂਚ ਲਈ ਵਿਅਕਤੀਆਂ ਦੇ ਸੈਂਪਲ ਵੀ ਲਵੇਗੀ । ਸਿਵਲ ਸਰਜਨ ਤਰਨ ਤਾਰਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਨਿਹਰੇ ਮੌਕੇ ਦਾ ਲ਼ਾਭ ਲੈਣ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਤੋਂ ਬਚਣ ਲਈ ਦਿੱਤੀਆਂ ਗਈਆਂ ਹਦਾਇਤਾ ਦੀ ਪਾਲਣਾ ਕਰਨ ।