ਸਿਹਤ ਵਿਭਾਗ ਵੱਲੋਂ ਚਲਾਈ ਜਾਵੇਗੀ “ਦਸਤ ਰੋਕੂ ਮੁਹਿੰਮ”, ਡਿਪਟੀ ਕਮਿਸ਼ਨਰ ਬਰਨਾਲਾ

Poonamdeep Kaur(1)
Poonamdeep Kaur

ਬਰਨਾਲਾ, 26 ਜੂਨ 2024

ਸਿਹਤ ਵਿਭਾਗ ਬਰਨਾਲਾ ਵੱਲੋਂ ਮੈਡਮ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਦੇ ਹੁਕਮਾਂ ਅਤੇ ਡਾ. ਹਰਿੰਦਰ ਸ਼ਰਮਾ ਸਿਵਲ ਸਰਜਨ ਬਰਨਾਲਾ ਦੀ ਅਗਵਾਈ ਅਧੀਨ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤਹਿਤ ਦਸਤ ਰੋਕੂ ਮੁਹਿੰਮ ਚਲਾਈ ਜਾਵੇਗੀ।

ਮਾਣਯੋਗ ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਇਹ ਮੁਹਿੰਮ ਇਸਤਰੀ ਤੇ ਬਾਲ ਵਿਕਾਸ ਵਿਭਾਗ,ਸਿੱਖਿਆ ਵਿਭਾਗ ਅਤੇ ਜਲ ਸਰੋਤ ਵਿਭਾਗ ਦੇ ਸਹਿਯੋਗ ਨਾਲ ਚਲਾਈ ਜਾਵੇਗੀ। ਇਹ ਮੁਹਿੰਮ “ ਦਸਤਾਂ ਦੀ ਰੋਕਥਾਮ , ਸਫਾਈ ਅਤੇ ਓ.ਆਰ.ਐਸ. ਨਾਲ ਰੱਖੋ ਆਪਣਾ ਖਿਆਲ” ਸਲੋਗਨ ਤਹਿਤ ਚਲਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਭਵਿੱਖ ਤਾਂ ਹੀ ਉੱਜਲਾ ਹੋਵੇਗਾ ਜੇਕਰ ਉਹ ਤੰਦਰੁਸਤ ਹੋਵੇਗਾ। ਇਸ ਟੀਚੇ ਨੂੰ ਮੁੱਖ ਰੱਖਦਿਆਂ 1 ਜੁਲਾਈ ਤੋਂ 31 ਅਗਸਤ ਤੱਕ ਦਸਤ ਲੱਗਣ ਦਾ ਖਤਰਾ ਜ਼ਿਆਦਾ ਹੁੰਦਾ ਹੈ, ਦੌਰਾਨ ਤੀਬਰ ਦਸਤ ਰੋਕੂ ਮੁਹਿੰਮ ਚਲਾਈ ਜਾਵੇਗੀ।

ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਪੰਜ ਸਾਲ ਤੋਂ ਛੋੱਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਦਸਤ ਰੋਗ ਨਾਲ ਹੋਣ ਵਾਲੀਆਂ ਮੌਤਾ ਦੀ ਗਿਣਤੀ ਨੂੰ ਜ਼ੀਰੋ ‘ਤੇ ਲਿਆਉਣਾ ਹੈ। ਸੰਸਾਰ ਵਿਚ ਹਰ ਸਾਲ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੀਆਂ ਦੋ ਲੱਖ ਮੌਤਾਂ ਕੇਵਲ ਦਸਤ ਰੋਗ ਕਾਰਨ ਹੀ ਹੁੰਦੀਆਂ ਹਨ, ਜਿਨਾਂ ਵਿਚੋਂ ਇਕ ਲੱਖ ਮੌਤਾਂ ਕੇਵਲ ਭਾਰਤ ਵਿੱਚ ਹੀ ਹੁੰਦੀਆਂ ਹਨ ।

ਡਾ. ਗੁਰਬਿੰਦਰ ਕੌਰ ਜ਼ਿਲ੍ਹਾ ਟੀਕਾਕਰਨ ਅਫ਼ਸਰ/ਨੋਡਲ ਅਫ਼ਸਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ 5 ਸਾਲ ਤੋਂ ਛੋਟੇ 44415 ਬੱਚਿਆਂ ਨੂੰ ਓ.ਆਰ.ਐਸ. ਪੈਕਟ ਆਸ਼ਾ ਅਤੇ ਆਂਗਨਵਾੜੀ ਵਰਕਰਾਂ ਵਲੋਂ ਓ.ਆਰ.ਐਸ. ਦੇ ਪੈਕਟ ਮੁਫਤ ਵੰਡੇ ਜਾਣਗੇ ਅਤੇ ਦਸਤ ਹੋਣ ਦੀ ਹਾਲਤ ਵਿਚ ਜਿੰਕ ਦੀਆਂ ਗੋਲੀਆਂ ਮੁਫਤ ਦਿੱਤੀਆਂ ਜਾਣਗੀਆਂ।

ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਤੇ ਹਰਜੀਤ ਸਿੰਘ ਜਿਲਾ ਬੀ.ਸੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਦਸਤ ਰੋਕੂ ਮੁਹਿੰਮ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੰਚਾਰ ਦੇ ਵੱਖ ਵੱਖ ਸਾਧਨਾਂ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਆਮ ਲੋਕ ਤੱਕ ਇਸ “ਦਸਤ ਰੋਕੂ ਮੁਹਿੰਮ” ਦੀ ਮਹੱਤਤਾ ਸੰਬੰਧੀ ਸੰਦੇਸ਼ ਘਰ ਘਰ ਤੱਕ ਪਹੁੰਚ ਸਕੇ ।

Spread the love