ਸਿਹਤ ਵਿਭਾਗ ਵੱਲੋਂ ”ਡੇਂਗੂ ਦੀ ਰੋਕਥਾਮ ਘਰ ਤੋਂ ਸ਼ੁਰੂ ਹੁੰਦੀ ਹੈ” ਵਿਸ਼ੇ ਤਹਿਤ ਮਨਾਇਆ ਰਾਸ਼ਟਰੀ ਡੇਂਗੂ ਦਿਵਸ

ਡੇਂਗੂ ਦੇ ਲੱਛਣ ਪਾਏ ਜਾਣ ‘ਤੇ ਨਜ਼ਦੀਕੀ ਸਰਕਾਰੀ ਹਸਪਤਾਲ ਵਿਖੇ ਕਰਵਾਈ ਜਾਵੇ ਜਾਂਚ
ਬਰਨਾਲਾ, 16 ਮਈ 2021
ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਕਰਨ ਲਈ ਸਮੇਂ-ਸਮੇਂ ‘ਤੇ ਜਾਗਰੂਕਤਾ ਅਤੇ ਹੋਰ ਉਪਰਾਲੇ ਕੀਤੇ ਜਾਂਦੇ ਹਨ। ਇਨਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਨੇ ਰਾਸ਼ਟਰੀ ਡੇਂਗੂ ਦਿਵਸ ਮੌਕੇ ਕੀਤਾ ।
ਸਿਵਲ ਸਰਜਨ ਨੇ ”ਡੇਂਗੂ ਦੀ ਰੋਕਥਾਮ ਘਰ ਤੋਂ ਸ਼ੁਰੂ ਹੁੰਦੀ ਹੈ” ਵਿਸ਼ੇ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਡੇਂਗੂ ਦਾ ਮੱਛਰ ਸਾਫ਼ ਖੜੇ ਪਾਣੀ ਤੇ ਪਲਦਾ ਹੈ ਅਤੇ ਦਿਨ ਵੇਲੇ ਕੱਟਦਾ ਹੈ। ਤੇਜ਼ ਬੁਖ਼ਾਰ, ਸਿਰਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਅਤੇ ਨੱਕ ਜਾਂ ਮਸੂੜਿਆਂ ਚੋਂ ਖੂਨ ਵਗਣਾ ਆਦਿ ਲੱਛਣ ਹੋਣ ਤਾਂ ਨੇੜੇ ਦੇ ਸਿਹਤ ਕੇਂਦਰ ਜਾਂ ਸਰਕਾਰੀ ਹਸਪਤਾਲ ਚ ਚੈੱਕਅੱਪ ਕਰਾਉਣਾ ਚਾਹੀਦਾ ਹੈ। ਇਸ ਦਾ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਚ ਮੁਫ਼ਤ ਕੀਤਾ ਜਾਂਦਾ ਹੈ।
ਜ਼ਿਲਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਡੇਂਗੂ ਅਤੇ ਹੋਰ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਪੈਂਫਲੈਟ, ਪੋਸਟਰ ਵੰਡ ਕੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਹਰੇਕ ਸ਼ੁੱਕਰਵਾਰ ਡਰਾਈ ਡੇ ਮਨਾਉਣ ਬਾਰੇ ਪ੍ਰੇਰਿਤ ਕੀਤਾ ਜਾਂਦਾ ਹੈ ।
ਗੁਰਮੇਲ ਸਿੰਘ ਸਿਹਤ ਇੰਸਪੈਕਟਰ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਹਫ਼ਤੇ ਵਿੱਚ ਆਂਡੇ ਤੋਂ ਪੂਰਾ ਮੱਛਰ ਬਣਦਾ ਹੈ। ਇਸ ਲਈ ਹਰੇਕ ਸ਼ੁੱਕਰਵਾਰ ਡੇਂਗੂ ਦੇ ਲਾਰਵੇ ਦੇ ਪੈਦਾ ਹੋਣ ਦੀ ਜਗਾ ਜਿਵੇਂ ਕੂਲਰ ਗਮਲੇ ਫਰਿੱਜ ਦੀ ਬੈਕ ਟ੍ਰੇਅ ਅਤੇ ਪਾਣੀ ਜਮਾਂ ਕਰਨ ਦੇ ਸੋਮਿਆਂ ਨੂੰ ਸਾਫ਼ ਕਰਨ ਅਤੇ ਸੁਕਾਉਣਾ ਚਾਹੀਦਾ ਹੈ। ਮੱਛਰ ਦੇ ਕੱਟਣ ਤੋਂ ਬਚਣ ਲਈ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਾਏ ਜਾਣ, ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ, ਤੇਲ ਆਦਿ ਦੀ ਵਰਤੋਂ ਕੀਤੀ ਜਾਵੇ। ਟੁੱਟੇ ਬਰਤਨ, ਡਰੰਮ, ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਾਂ ਸੁੱਟਿਆ ਜਾਵੇ।
ਇਸ ਮੌਕੇ ਸਿਹਤ ਕਰਮਚਾਰੀ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

Spread the love