ਵਿਭਾਗੀ ਟੀਮਾਂ ਵੱਲੋਂ ਵੱਖ ਵੱਖ ਸੰਸਥਾਨਾਂ/ਘਰਾਂ ਦਾ ਦੌਰਾ।
ਫ਼ਰੀਦਕੋਟ 20 ਮਈ , 2021 – ਸਿਹਤ ਵਿਭਾਗ ਫਰੀਦਕੋਟ ਵੱਲੋਂ ਸਿਵਲ ਸਰਜਨ ਡਾ:ਸੰਜੇ ਕਪੂਰ ਦੀ ਅਗਵਾਈ ਹੇਠ ਗਰਮੀ ਰੁੱਤ ਦੀਆਂ ਬੀਮਾਰੀਆਂ ਦੀ ਰੋਕਥਾਮ ਹਿੱਤ ਵੱਖ ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਜਾਰੀ ਹਨ।ਇਸੇ ਸਿਲਸਿਲੇ ਵਿੱਚ ਰਾਸ਼ਟਰੀ ਵੈਕਟਰ ਬੌਰਨ ਡਿਜ਼ੀਜ਼ ਕੰਟਰੋਲ ਪ੍ਰੋਗ੍ਰਾਮ ਅਧੀਨ ਅੱਜ ਵੱਖ ਵੱਖ ਸੰਸਥਾਨਾਂ ਅਤੇ ਘਰਾਂ ਦਾ ਵਿਸ਼ੇਸ਼ ਸਰਵੇਲੈਂਸ ਦੌਰਾ ਕੀਤਾ ਗਿਆ।ਇਸ ਗਤੀਵਿਧੀ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਫਰੀਦਕੋਟ ਦੇ ਮਲੇਰੀਆਂ ਵਿੰਗ ਇੰਚਾਰਜ ਅਤੇ ਜਿਲਾ ਸਿਹਤ ਅਫਸਰ ਡਾ ਵਿਸ਼ਵਦੀਪ ਗੋਇਲ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਨੇ ਫਰੀਦਕੋਟ ਵਿਖੇ ਦਫਤਰਾਂ ਅਤੇ ਘਰਾਂ ਦਾ ਸਰਵੇਲੈਂਸ ਦੌਰਾ ਕੀਤਾ ।ਉਹਨਾਂ ਅੱਗੇ ਜਾਣਕਾਰੀ ਦਿੱਤੀ ਕਿ ਟੀਮਾਂ ਵੱਲੋਂ ਸ਼ਹਿਰ ਵਿੱਚ ਹੋਟਲਾਂ,ਰੈਸਟੋਰੈਂਟਾਂ ਅਤੇ ਨਰਸਰੀਆਂ ਵਿਖੇ ਵੀ ਸਾਧਾਰਨ ਸਾਂਫ ਸਫਾਈ ਅਤੇ ਪਾਣੀ ਦੇ ਸੋਮਿਆਂ ਦੀ ਚੈਕਿੰਗ ਕੀਤੀ ਗਈ ਹੈ।ਉਨਾਂ ਕਿਹਾ ਕਿ ਮਲੇਰੀਆਂ ਤੇ ਡੇਂਗੂ ਰੋਕਣ ਦਾ ਆਸਾਨ ਤਰੀਕਾ ਹੈ ਕਿ ਮੱਛਰਾਂ ਦੇ ਵਾਧੇ ਨੂੰ ਰੋਕਿਆ ਜਾਵੇ।ਇਸ ਮੰਤਵ ਲਈ ਆਪਣੇ ਆਸਪਾਸ ਕਿਸੇ ਤਰੀਕੇ ਨਾਲ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਅਤੇ ਘਰਾਂ ਅੰਦਰ ਫਰਿਜਾਂ ਦੀਆਂ ਟਰੇਆਂ ਅਤੇ ਕੂਲਰਾਂ ਆਦਿ ਵਿੱਚ ਹਫਤੇ ਬਾਅਦ ਪਾਣੀ ਸੁਕਾ ਦਿੱਤਾ ਜਾਵੇ