ਸਿਹਤ ਵਿਭਾਗ ਵੱਲੋਂ ਮਨਾਇਆ ਜਾ ਰਿਹਾ ਹੈ “ਵਿਸ਼ਵ ਆਬਾਦੀ ਸਬੰਧੀ ਪੰਦਰਵਾੜਾ” : ਡਾ ਔਲ਼ਖ

ਬਰਨਾਲਾ, 29 ਜੂਨ 2021
ਸਿਹਤ ਵਿਭਾਗ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰਿਵਾਰ ਨਿਯੋਜਨ ਸਬੰਧੀ ਇਕ ਵਿਸ਼ੇਸ਼ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲ਼ਖ ਨੇ ਦੱਸਿਆ ਕਿ ਸਿਹਤ ਵਿਭਾਗ ਵੱਧ ਰਹੀ ਆਬਾਦੀ ਨੂੰ ਘਟਾਉਣ ਲਈ ਇਕ ਵਿਸ਼ੇਸ਼ ਪੰਦਰਵਾੜਾ 27 ਜੂਨ ਤੋਂ 24 ਜੁਲਾਈ ਤੱਕ ਮਨਾ ਰਿਹਾ ਹੈ। ਜਿਸ ਵਿੱਚ 27 ਜੂਨ ਤੋਂ 10 ਜੁਲਾਈ ਤੱਕ ਜਾਗਰੂਕਤਾ ਪੰਦਰਵਾੜਾ“ਅਤੇ 11 ਜੁਲਾਈ ਤੋਂ 24 ਜੁਲਾਈ ਤੱਕ ਆਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾਵੇਗਾ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਵਾਰ ਇਹ ਪੰਦਰਵਾੜਾ ਆਪਦਾ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ, ਸੱਕਸ਼ਮ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਥੀਮ ਅਧੀਨ ਪਿੰਡ ਪੱਧਰ ਤੱਕ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 27 ਜੂਨ ਤੋਂ 10 ਜੁਲਾਈ ਤੱਕ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਪਰਿਵਾਰ ਨਿਯੋਜਨ ਇਕ ਖੁਸ਼ਹਾਲ ਪਰਿਵਾਰ ਦੀ ਚਾਬੀ ਹੈ। ਇਸ ਲਈ ਪਰਿਵਾਰ ਨਿਯੋਜਨ ਲਈ ਸਥਾਈ ਤੇ ਅਸਥਾਈ ਨਿਯੋਜਨ ਦੇ ਤਰੀਕਿਆਂ ਸਬੰਧੀ ਜਾਗਰੂਕਤਾ ਫ਼ੈਲਾਈ ਜਾ ਰਹੀ ਹੈ। ਡਾ. ਔਲਖ ਨੇ ਦੱਸਿਆ ਕਿ 11 ਜੁਲਾਈ ਤੋਂ 24 ਜੁਲਾਈ ਤੱਕ ਔਰਤ ਨਲਬੰਦੀ ਤੇ ਪੁਰਸ਼ ਨਸ਼ਬੰਦੀ ਦੇ ਆਪ੍ਰੇਸ਼ਨ ਕੀਤੇ ਜਾਣਗੇ।
ਡਾ. ਨਵਜੋਤ ਪਾਲ ਸਿੰਘ ਭੁੱਲਰ ਜਿਲਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ਲੋਕਾਂ ਨੂੰ ਛੋਟਾ ਪਰਿਵਾਰ, ਸੁਖੀ ਪਰਿਵਾਰ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਯੋਗ ਜੋੜਿਆਂ ਨੂੰ ਵਿਆਹ ਤੋਂ 2 ਸਾਲ ਬਾਅਦ ਪਹਿਲਾ ਬੱਚਾ ਅਤੇ 2 ਬੱਚਿਆਂ ਵਿਚਕਾਰ ਤਿੰਨ ਸਾਲ ਦਾ ਫ਼ਰਕ ਰੱਖਣ ਬਾਰੇ ਸਿਹਤ ਕਰਮਚਾਰੀਆਂ, ਆਸ਼ਾ ਵੱਲੋਂ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ 11 ਜੁਲਾਈ ਨੂੰ ਸਾਰੇ ਸਿਹਤ ਕੇਂਦਰਾਂ ਤੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਵਿਸ਼ਵ ਆਬਾਦੀ ਦਿਵਸ ਮਨਾਇਆ ਜਾਵੇਗਾ।