ਫਾਜਿਲਕਾ 18 ਜੂਨ 2024
ਸਿਵਲ ਸਰਜਨ ਫਾਜਿਲਕਾ ਡਾ ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਵਿੱਚ ਮਲੇਰੀਆ ਮਹੀਨਾ ਦੇ ਸਬੰਧ ਵਿੱਚ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਪੰਕਜ਼ ਚੌਹਾਨ ਨੇ ਦੱਸਿਆ ਕਿ ਸੀ.ਐਚ.ਸੀ. ਡੱਬਵਾਲਾ ਕਲਾਂ ਦੇ ਸਿਹਤ ਸਟਾਫ਼ ਵੱਲੋਂ ਮਲੇਰੀਆ ਦੀ ਰੋਕਥਾਮ ਲਈ ਵੱਖ ਵੱਖ ਜਨਤਕ ਥਾਵਾਂ ਤੇ ਜਾਗਰੂਕਤਾ ਗਤੀਵਿਧੀਆਂ ਅਤੇ ਹੋਰ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਡੱਬਵਾਲਾ ਕਲਾਂ ਵਿਖੇ ਇੱਕ ਜਾਗਰੂਕਤਾ ਰੈਲੀ ਕੱਢੀ ਗਈ।
ਇਸ ਸਮੇਂ ਡਾ ਪੰਕਜ਼ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲੇਰੀਆ ਐਨੋਫਲੀਜ਼ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਮਲੇਰੀਆ ਬੁਖਾਰ ਹੋਣ ਦੀ ਸੂਰਤ ਵਿੱਚ ਤੇਜ਼ ਬੁਖਾਰ, ਕਾਂਬਾ, ਉਲਟੀਆਂ, ਸਿਰ ਦਰਦ, ਕਮਜੋਰੀ ਵਰਗੀਆਂ ਅਲਾਮਤਾਂ ਆ ਜਾਂਦੀਆਂ ਹਨ। ਇਸ ਦਾ ਸਮੇਂ ਸਿਰ ਇਲਾਜ ਨਾ ਕਰਵਾਉਣ ਨਾਲ ਇਹ ਖਤਰਨਾਕ ਸਾਬਿਤ ਹੋ ਸਕਦਾ ਹੈ। ਇਸ ਲਈ ਮਲੇਰੀਆਂ ਲੱਛਣ ਹੋਣ ਦੀ ਸੂਰਤ ਵਿੱਚ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ ਤਾਂ ਜੇ ਸਮੇਂ ਸਿਰ ਇਲਾਜ ਹੋ ਸਕੇ। ਉਹਨਾਂ ਕਿਹਾ ਜਿਲ੍ਹੇ ਦੀ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮਲੇਰੀਆ ਬਿਮਾਰੀ ਦੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਮਲੇਰੀਆ ਬੁਖਾਰ ਫੈਲਾਉਣ ਵਾਲਾ ਮੱਛਰ ਗਲੀਆਂ ਨਾਲੀਆਂ ਵਿੱਚ ਇੱਕਠੇ ਹੋਏ ਸਾਫ ਪਾਣੀ ਅਤੇ ਹੋਰ ਥਾਵਾਂ ਤੇ ਖੜ੍ਹੇ ਪਾਣੀ ਉੱਪਰ ਪੈਦਾ ਹੁੰਦਾ ਹੈ। ਇਸ ਲਈ ਮੱਛਰਾਂ ਦੇ ਖਾਤਮੇ ਲਈ ਕਿਤੇ ਵੀ ਫਾਲਤੂ ਪਾਣੀ ਨਾ ਖੜ੍ਹਨ ਦਿੱਤਾ ਜਾਵੇ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ, ਵੱਖ ਵੱਖ ਵਿਭਾਗਾਂ ਅਤੇ ਮੀਡੀਆ ਤੋਂ ਇਸ ਮੁਹਿੰਮ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਜ਼ੇਕਰ ਅਸੀਂ ਮਲੇਰੀਆ ਫੈਲਾਉਣ ਵਾਲੇ ਮੱਛਰਾਂ ਦਾ ਜੀਵਨ ਚੱਕਰ ਤੋੜ ਦੇਈਏ ਤਾਂ ਅਸੀਂ ਉਸ ਦਾ ਖਾਤਮਾ ਕਰ ਸਕਦੇ ਹਾਂ। ਉਹਨਾਂ ਦੱਸਿਆ ਕਿ ਮਲੇਰੀਆ ਫੈਲਾਉਣ ਵਾਲਾ ਮੱਛਰ 8 ਤੋਂ 10 ਦਿਨਾਂ ਵਿੱਚ ਤਿਆਰ ਹੁੰਦਾ ਹੈ। ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਡਰਾਈ—ਡੇਅ ਘੋਸ਼ਿਤ ਕੀਤਾ ਹੋਇਆ ਹੈ। ਇਸ ਲਈ ਹਫ਼ਤੇ ਦੇ ਹਰੇਕ ਸ਼ੁੱਕਰਵਾਰ ਨੂੰ ਆਪਣੇ ਘਰਾਂ ਵਿੱਚ ਪਾਣੀ ਦੇ ਖੜਣ ਵਾਲੇ ਸੋਮੇ ਜਿਵੇ ਫਰਿਜ ਦੀ ਟ੍ਰੇਅ, ਕੂਲਰ, ਗਮਲੇ, ਟਾਇਰ ਜਾਂ ਛੱਤਾਂ ਤੇ ਪਏ ਹੋਏ ਵਾਧੁ ਸਮਾਨ ਨੂੰ ਹਫ਼ਤੇ ਵਿੱਚ ਇੱਕ ਦਿਨ ਖਾਲੀ ਕਰਕੇ ਸੁਕਾਅ ਕੇ ਦੁਬਾਰਾ ਵਰਤੋਂ ਵਿੱਚ ਲਿਆਓ। ਕੱਪੜੇਪੂਰੀਆਂ ਬਾਹਾਂ ਵਾਲੇ ਪਹਿਣੇ, ਮੱਛਰ ਭਜਾਊ ਤੇਲ, ਕਰੀਮਾਂ ਅਤੇ ਮੱਛਰਦਾਨੀਆਂ ਦੀ ਵਰਤੋਂ ਕੀਤੀ ਜਾਵੇ।
ਇਸ ਮੌਕੇ ਡਾ ਅਸ਼ੀਸ਼ ਗਰੋਵਰ, ਵਿਜੇ ਕੁਮਾਰ ਅਤੇ ਕੰਵਲਜੀਤ ਬਰਾੜ ਐਸ.ਆਈ. ਅਤੇ ਹੋਰ ਸਿਹਤ ਸਟਾਫ਼ ਹਾਜ਼ਰ ਸਨ