‘ਨਵੀਆਂ ਪੈੜਾਂ’ ਪ੍ਰੋਗਰਾਮ ਰਾਹੀਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਸਭ ਦਾ ਮਨ ਮੋਹਿਆ
ਪਟਿਆਲਾ 10 ਜੁਲਾਈ 2021
ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਪ੍ਰਾਪਤੀਆਂ ਤੇ ਸਰਗਰਮੀਆਂ ‘ਤੇ ਅਧਾਰਤ ਪ੍ਰੋਗਰਾਮ ‘ਨਵੀਆਂ ਪੈੜਾਂ’ ਜਰੀਏ ਅੱਜ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਦੋ ਲਘੂ ਫਿਲਮਾਂ ਰਾਹੀਂ ਸਭ ਦਾ ਮਨ ਮੋਹ ਲਿਆ। ਡੀਡੀ ਪੰਜਾਬੀ ‘ਤੇ ਪ੍ਰਸਾਰਤ ਹੁੰਦੇ ਇਸ ਹਫਤਾਵਾਰੀ ਪ੍ਰੋਗਰਾਮ ‘ਚ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਵਿਦਿਆਰਥੀ ਕਲਾਕਾਰਾਂ ਨੇ ਡਾ. ਸੁਖਦਰਸ਼ਨ ਸਿੰਘ ਚਹਿਲ ਦੇ ਲਿਖੇ ਤੇ ਅਮਰਦੀਪ ਸਿੰਘ ਬਾਠ ਦੁਆਰਾ ਨਿਰਦੇਸ਼ਤ ਕੀਤੇ ਨਾਟਕ (ਲਘੂ ਫਿਲਮ) ‘ਪੀ.ਜੀ.ਆਈ.’ ਰਾਹੀਂ ਪੰਜਾਬ ਦੇ ਸਿੱਖਿਆ ਦੇ ਖੇਤਰ ‘ਚ ਦੇਸ਼ ਭਰ ‘ਚੋਂ ਅੱਵਲ ਰਹਿਣ ਬਾਰੇ ਰੋਚਕ ਤਰੀਕੇ ਨਾਲ ਚਾਨਣਾ ਪਾਇਆ। ਇਸ ਫਿਲਮ ‘ਚ ਜਸ਼ਨਪ੍ਰੀਤ ਕੌਰ ਤਾਣਾ, ਹਰਪ੍ਰੀਤ ਸਿੰਘ ਸੂਹਰੋਂ, ਮਨਿੰਦਰ ਸਿੰਘ, ਤਨੂਜਾ, ਸ਼ਰਨਦੀਪ ਚੀਮਾਂ, ਸਿਮਰਤਰਾਜ ਸਿੰਘ ਖਾਲਸਾ ਤੇ ਕਿਰਨ ਨੇ ਵੱਖ-ਵੱਖ ਭੂਮਿਕਾਵਾਂ ‘ਚ ਖੂਬਸੂਰਤ ਅਦਕਾਰੀ ਤੇ ਸੰਵਾਦ ਉਚਾਰਨ ਰਾਹੀਂ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ।
ਇੱਕ ਪਰਿਵਾਰ ਦੇ ਬੱਚਿਆਂ ਨੂੰ ਸਰਕਾਰੀ ਸਕੂਲ ‘ਚ ਪੜਾਉਣ ਸਬੰਧੀ ਪ੍ਰੇਰਿਤ ਕਰਨ ਵਾਲੀ ਕਹਾਣੀ ‘ਤੇ ਅਧਾਰਤ ਇਸ ਫਿਲਮ ਰਾਹੀਂ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ, ਪ੍ਰਾਪਤੀਆਂ ਤੇ ਸਰਗਰਮੀਆਂ ਦੀ ਬਾਖੂਬੀ ਪੇਸ਼ਕਾਰੀ ਕੀਤੀ ਗਈ। ਸ੍ਰੀ ਪ੍ਰਮੋਦ ਭਾਰਤੀ ਤੇ ਰਾਜਿੰਦਰ ਸਿੰਘ ਚਾਨੀ ਦੀ ਪੇਸ਼ਕਸ ਨਵੀਆਂ ਪੈੜਾਂ ਪ੍ਰੋਗਰਾਮ ‘ਚ ਸਰਕਾਰੀ ਪ੍ਰਾਇਮਰੀ ਸਕੂਲ ਖੁੱਡਾ (ਪਟਿਆਲਾ) ਦੇ ਨੰਨੇ-ਮੁੰਨੇ ਵਿਦਿਆਰਥੀਆਂ ਨੇ ਜਗਜੀਤ ਸਿੰਘ ਵਾਲੀਆ ਤੇ ਰੁਪਿੰਦਰਜੀਤ ਕੌਰ ਦੇ ਲਿਖੇ ਨਾਟਕ ‘ਸਮਾਰਟ ਸਕੂਲ’ ਰਾਹੀਂ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਉਪਲਬਧ ਸਹੂਲਤਾਂ ਦਾ ਵਿਖਿਆਨ ਕੀਤਾ ਅਤੇ ਛੋਟੀ ਉਮਰ ਦੇ ਬਾਵਜ਼ੂਦ ਵੀ ਉਕਤ ਕਲਾਕਾਰਾਂ ਨੇ ਆਪਣੀਆਂ ਭੂਮਿਕਾਵਾਂ ਨਾਲ ਨਿਆ ਕੀਤਾ।
ਇਸ ਲਘੂ ਫਿਲਮ ‘ਚ ਹਰਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ, ਅਰਮਨਾਜੋਤ ਸਿੰਘ, ਗੁਰਜੰਟ ਸਿੰਘ ਤੇ ਸਿਰਮਨਦੀਪ ਕੌਰ ਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ। ਵੀਡੀਓ ਐਡੀਟਰ ਨਵੀਨ ਸ਼ਰਮਾ, ਕੈਮਰਾਮੈਨ ਅਸ਼ੋਕ ਕੁਮਾਰ ਤੇ ਗੁਰਦੀਪ ਸਿੰਘ ਨੇ ਵੀ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ। ਅੱਜ ਦੇ ਪ੍ਰੋਗਰਾਮ ਨੂੰ ਜਿੱਥੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਖੂਬ ਪਸੰਦ ਕੀਤਾ ਉੱਥੇ ਮਾਪਿਆਂ ਨੇ ਵੀ ਇਸ ਨੂੰ ਸਲਾਹਿਆ। ਪ੍ਰਿੰ. ਤੋਤਾ ਸਿੰਘ ਚਹਿਲ, ਪ੍ਰਿੰ. ਬਲਵੀਰ ਸਿੰਘ ਜੌੜਾ ਤੇ ਡਾ. ਨਰਿੰਦਰ ਸਿੰਘ ਤੇਜਾ ਨੇ ਦੋਨਾਂ ਨਾਟਕ ਦੇ ਕਲਾਕਾਰਾਂ ਤੇ ਸੰਚਾਲਨ ਟੀਮ ਨੂੰ ਵਧਾਈਆਂ ਦਿੱਤੀਆਂ ਹਨ।
ਤਸਵੀਰ:- ਪੀ.ਜੀ.ਆਈ. ਨਾਟਕ ਦੇ ਕਲਾਕਾਰ।