22 ਅਤੇ 23 ਅਕਤੂਬਰ ਨੂੰ ਕੀਤੀਆਂ ਜਾਣਗੀਆਂ ਮਿਲਣੀਆਂ।
ਬਰਨਾਲਾ,20 ਅਕਤੂਬਰ( )-ਸੂਬਾ ਸਰਕਾਰ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।ਮੁਲਕ ਦੀ ਨਵੀਂ ਸਿੱਖਿਆ ਨੀਤੀ ਅਨੁਸਾਰ ਸਰਕਾਰੀ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਦੇ ਸੁਝਾਅ ਨੂੰ ਸਕੂਲ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਹੀ ਅਮਲ ਵਿੱਚ ਲਿਆਂਦਾ ਜਾ ਚੁੱਕਿਆ ਹੈ।ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਨੇ ਵੱਡੀ ਪੱਧਰ ‘ਤੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਪ੍ਰਤੀ ਆਕਰਸ਼ਿਤ ਕੀਤਾ ਹੈ।
ਸਿੱਖਿਆ ਵਿਭਾਗ ਵੱਲੋਂ ਸਕੁਲ਼ੀ ਸਿੱਖਿਆ ਦੀ ਬੁਨਿਆਦ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਪੜ੍ਹਾਈ ਨੂੰ ਰੌਚਿਕ ਅਤੇ ਬਿਹਤਰ ਬਣਾਉਣ ਲਈ ਬਹੁਤ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ।ਸੂਬਾ ਸਰਕਾਰ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਵੱਖਰੇ ਅਧਿਆਪਕਾਂ ਦੀਆਂ ਨਿਯੁਕਤੀਆਂ ਦੀ ਪ੍ਰਵਾਨਗੀ ਤੋਂ ਲੈ ਕੇ ਇਹਨਾਂ ਜਮਾਤਾਂ ਦੇ ਵਿਦਿਆਰਥੀਆਂ ਲਈ ਰੰਗ ਬਿਰੰਗੀਆਂ ਪੁਸਤਕਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਵਿਭਾਗ ਵੱਲੋਂ ਇਹਨਾਂ ਜਮਾਤਾਂ ‘ਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਸ਼ੋਸਲ ਮੀਡੀਆ ਦੇ ਵੱਖ ਵੱਖ ਮਾਧਿਅਮਾਂ ਜਰੀਏ ਜਾਂ ਫੋਨ ਕਾਲ ਰਾਹੀਂ ਆਨਲਾਈਨ ਮਿਲਣੀਆਂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਮਨਿੰਦਰ ਕੌਰ ਅਤੇ ਉਪ ਜਿਲ਼੍ਹਾ ਸਿੱਖਿਆ ਐਲੀਮੈਂਟਰੀ ਸ੍ਰੀਮਤੀ ਵਸੁੰਧਰਾ ਕਪਿਲਾ ਨੇ ਦੱਸਿਆ ਕਿ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ,ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਜੂਨੀਅਰ ਪ੍ਰੀ-ਪ੍ਰਾੁਇਮਰੀ ਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ 22 ਅਕਤੂਬਰ ਨੂੰ ਅਤੇ ਸੀਨੀਅਰ ਪ੍ਰੀ-ਪ੍ਰਾਇਮਰੀ ‘ਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ 23 ਅਕਤੂਬਰ ਨੂੰ ਆਨਲਾਈਨ ਮਿਲਣੀ ਕੀਤੀ ਜਾਣੀ ਹੈ।ਉਹਨਾਂ ਦੱਸਿਆ ਕਿ ਮਾਪੇ-ਅਧਿਆਪਕ ਮਿਲਣੀ ਦਾ ਮੁੱਖ ਮਨੋਰਥ ਮਾਪਿਆਂ ਨੂੰ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦੇਣ ਤੋਂ ਇਲਾਵਾ ਇਹਨਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਉਪਲਬਧ ਕਰਵਾਈ ਜਾ ਰਹੀ ਸਿੱਖਿਆ ਸਮੱਗਰੀ,ਵਿਭਾਗੀ ਮੋਬਾਈਲ ਐਪ ‘ਤੇ ਉਪਲਬਧ ਸਿੱਖਿਆ ਸਮੱਗਰੀ,ਭਵਿੱਖ ਵਿੱਚ ਕਰਵਾਏ ਜਾਣ ਵਾਲੇ ਸਰਲ ਜਿਹੇ ਮੁਲਾਂਕਣ,ਬੱਚਿਆਂ ਦੀ ਸਿਹਤ ਸੰਭਾਲ ਬਾਰੇ ਜਾਗਰੂਕਤਾ,ਸਿੱਖਿਆ ਵਿਭਾਗ ਵੱਲੋਂ ਉਪਲਬਧ ਕਰਵਾਈਆਂ ਜਾ ਰਹੀਆਂ ਹੋਰ ਸਹੂਲਤਾਂ ਜਿਵੇਂ ਕਿ ਸਕੂਲਾਂ ਵਿੱਚ ਸਮਾਰਟ ਜਮਾਤ ਕਮਰਿਆਂ ਦੀ ਸਥਾਪਨਾ,ਵਿੱਦਿਅਕ ਖਿਡੌਣੇ, ਝੂਲੇ ਅਤੇ ਰੰਗਦਾਰ ਫਰਨੀਚਰ ਆਦਿ ਦੀ ਉਪਲਬਧਤਾ ਬਾਰੇ ਜਾਣਕਾਰੀ ਦੇਣਾ ਹੈ।
ਸ੍ਰ ਕੁਲਦੀਪ ਸਿੰਘ ਭੁੱਲਰ ਜਿਲ੍ਹਾ ਕੋ-ਆਰਡੀਨੇਟਰ ਪੜ੍ਹੋ ਪੰਜਾਬ ਨੇ ਦੱਸਿਆ ਕਿ ਜਾਰੀ ਪੱਤਰ ਅਨੁਸਾਰ ਸਕੂਲ ਮੁਖੀਆਂ ਵੱਲੋਂ ਕਰਵਾਈਆਂ ਜਾਣ ਵਾਲੀਆਂ ਇਹਨਾਂ ਆਨਲਾਈਨ ਮਾਪੇ ਅਧਿਆਪਕ ਮਿਲਣੀਆਂ ਵਿੱਚ ਸਮੂਹ ਜਿਲ੍ਹਾ ਸਿੱਖਿਆ ਅਧਿਕਾਰੀ,ਉਪ ਜਿਲ੍ਹਾ ਸਿੱਖਿਆ ਅਧਿਕਾਰੀ,ਬਲਾਕ ਸਿੱਖਿਆ ਅਧਿਕਾਰੀ,ਸੈਂਟਰ ਹੈੱਡ ਟੀਚਰ ਅਤੇ ਪੜ੍ਹੋ ਪੰਜਾਬ ਟੀਮਾਂ ਸ਼ਿਰਕਤ ਕਰਕੇ ਮਾਪਿਆਂ ਨਾਲ ਵਿਚਾਰ ਵਟਾਂਦਰਾ ਕਰਨਗੇ।