ਸਿੱਖਿਆ ਵਿਭਾਗ ਵੱਲੋਂ ਕਵਿਤਾ ਮੁਕਾਬਲੇ ਨਾਲ ਪੰਜਾਬੀ ਹਫ਼ਤੇ ਸਬੰਧੀ ਸਮਾਗਮਾਂ ਦੀ ਸ਼ੁਰੂਆਤ

Patiala education department

-ਮਲਟੀਪਰਪਜ਼ ਸਕੂਲ ਦੇ ਵਿਦਿਆਰਥੀਆਂ ਨੇ ਕਵਿਤਾਵਾਂ ਨਾਲ ਰੰਗ ਬੰਨਿਆ
ਪਟਿਆਲਾ 4 ਨਵੰਬਰ:
ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਰਾਜ ਦੇ ਸਰਕਾਰੀ ਸਕੂਲਾਂ ‘ਚ ਪੰਜਾਬੀ ਹਫ਼ਤੇ ਦੇ ਸਬੰਧ ‘ਚ ਕਰਵਾਏ ਜਾਣ ਵਾਲੇ ਸਮਾਗਮ ਦੀ ਸ਼ੁਰੂਆਤ ਅੱਜ ਕਵਿਤਾ ਮੁਕਾਬਲੇ ਨਾਲ ਹੋਈ। ਇਸ ਸਬੰਧੀ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਕਵਿਤਾ ਮੁਕਾਬਲੇ ਕਰਵਾਏ ਗਏ।  ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਦੀ ਅਗਵਾਈ ‘ਚ ਕਰਵਾਏ ਗਏ ਕਵਿਤਾ ਮੁਕਾਬਲਿਆਂ ‘ਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਆਪਣੀਆਂ ਰਚਨਾਵਾਂ ਰਾਹੀਂ ਪੰਜਾਬੀ ਮਾਂ ਬੋਲੀ ਦੇ ਅਮੀਰ ਪੱਖਾਂ ਦੀ ਉਸਤਤ ਕੀਤੀ।
ਡਾ. ਅਮਰਜੀਤ ਕੌਂਕੇ, ਡਾ. ਪੁਸ਼ਪਿੰਦਰ ਕੌਰ, ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਸੁਖਵਿੰਦਰ ਕੌਰ ਦੀ ਦੇਖ-ਰੇਖ ‘ਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ‘ਚੋਂ ਜਸ਼ਨਪ੍ਰੀਤ ਕੌਰ ਪਹਿਲੇ, ਤਨੂਜਾ ਦੂਸਰੇ ਤੇ ਹਨੂਫ਼ ਤੀਸਰੇ ਸਥਾਨ ‘ਤੇ ਰਹੀ। ਇਨ੍ਹਾਂ ਤੋਂ ਇਲਾਵਾ ਕੋਮਲ, ਮਹਿਕਪ੍ਰੀਤ ਕੌਰ ਅਤਾਪੁਰ, ਹਰਕੀਰਤ ਕੌਰ, ਸਿਮਰਤਰਾਜ ਸਿੰਘ, ਸ਼ਰਨਜੀਤ ਸਿੰਘ ਨੂੰ ਪ੍ਰਿੰ. ਤੋਤਾ ਸਿੰਘ ਚਹਿਲ ਨੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ। ਪ੍ਰਿੰ. ਚਹਿਲ ਨੇ ਦੱਸਿਆ ਕਿ ਮਾਂ ਬੋਲੀ ਪੰਜਾਬੀ ਨਾਲ ਨਵੀਂ ਪੀੜ੍ਹੀ ਨੂੰ ਜੋੜ ਕੇ ਰੱਖਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਵੱਡਮੁੱਲੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਹੀ ਪੰਜਾਬੀ ਹਫਤੇ ਸਬੰਧੀ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ 5 ਨਵੰਬਰ ਨੂੰ ਸੁੰਦਰ ਲਿਖਾਈ ਤੇ ਸਲੋਗਨ ਮੁਕਾਬਲੇ, 6 ਨਵੰਬਰ ਨੂੰ ਭਾਸ਼ਨ ਮੁਕਾਬਲਾ, 7 ਨਵੰਬਰ ਨੂੰ ਲੋਕ ਗੀਤ/ਗੀਤ ਤੇ ਕਵੀਸ਼ਰੀ ਮੁਕਾਬਲੇ ਕਰਵਾਏ ਜਾਣਗੇ। ਡਾ. ਅਮਰਜੀਤ ਕੌਂਕੇ ਨੇ ਪੰਜਾਬੀ ਭਾਸ਼ਾ ਦੇ ਪਸਾਰ ਬਾਰੇ ਵਿਸਥਾਰ ‘ਚ ਚਾਨਣਾ ਪਾਇਆ। ਇਸ ਮੌਕੇ ਮਾ. ਇਕਬਾਲ ਸਿੰਘ, ਰਣਜੀਤ ਸਿੰਘ ਬੀਰੋਕੇ ਤੇ ਜਪਇੰਦਰਪਾਲ ਸਿੰਘ ਦਲਿਓ ਵੀ ਹਾਜ਼ਰ ਸਨ।

Spread the love