ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਪੀ.ਸੀ.ਓ.ਡੀ. ਵਰਗੀਆਂ ਦਿੱਕਤਾਂ ਤੋਂ ਵੀ ਮਿਲ ਰਹੀ ਹੈ ਨਿਜਾਤ
ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੇ ਹਜ਼ਾਰਾਂ ਵਸਨੀਕਾਂ ਨੂੰ ਰੋਜ਼ਾਨਾ ਸੀ.ਐਮ.ਦੀ ਯੋਗਸ਼ਾਲਾ ਦਾ ਮਿਲ ਰਿਹਾ ਲਾਭ
ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ
ਐੱਸ.ਏ.ਐੱਸ. ਨਗਰ, 18 ਜੂਨ , 2024
ਸੀ.ਐਮ.ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਲਾਏ ਜਾ ਰਹੇ ਰੋਜ਼ਾਨਾ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋ ਕੇ ਹਜ਼ਾਰਾਂ ਵਸਨੀਕ ਮੁੱਖ ਮੰਤਰੀ ਯੋਗਸ਼ਾਲਾ ਤੋਂ ਲਾਭ ਉਠਾ ਰਹੇ ਹਨ, ਜਿਸ ਨਾਲ ਲੋਕ ਸਿਹਤਮੰਦ ਜ਼ਿੰਦਗੀ ਦੇ ਰਾਹ ਪੈ ਗਏ ਹਨ।
ਗੂਗਾ ਮਾੜੀ, ਖਰੜ ਵਿਖੇ ਲਗਦੀ ਯੋਗਸ਼ਾਲਾ ਵਿੱਚ ਹਿੱਸਾ ਲੈਣ ਵਾਲੀ ਨਿਸ਼ਾ ਨੇ ਦੱਸਿਆ ਕਿ ਉਸ ਨੂੰ ਪੀ ਸੀ ਓ ਡੀ ਦੀ ਦਿੱਕਤ ਸੀ, ਜਿਹੜੀ ਕਿ ਨਿਯਮਤ ਤੌਰ ਉੱਤੇ ਯੋਗਾ ਕਰਨ ਨਾਲ ਠੀਕ ਹੋ ਰਹੀ ਹੈ। ਉਹ ਬਹੁਤ ਧੰਨਵਾਦੀ ਹੈ ਕਿ ਸਰਕਾਰ ਨੇ ਸੀ.ਐਮ.ਦੀ ਯੋਗਸ਼ਾਲਾ ਦੇ ਰੂਪ ਵਿੱਚ ਲੋਕ ਪੱਖੀ ਉਪਰਾਲਾ ਕੀਤਾ ਹੈ।
ਉਹਨਾਂ ਨੇ ਹੋਰ ਦੱਸਿਆ ਕਿ ਉਹਨਾਂ ਦੇ ਮਾਤਾ ਨੂੰ ਫਰੋਜ਼ਨ ਸ਼ੋਲਡਰ ਦੀ ਦਿੱਕਤ ਹੈ ਤੇ ਉਹਨਾਂ ਦੀ ਬਾਂਹ ਉੱਪਰ ਚੁੱਕੀ ਨਹੀਂ ਸੀ ਜਾਂਦੀ ਪਰ ਯੋਗਾ ਕਰਨ ਨਾਲ ਉਹਨਾਂ ਦੀ ਬਾਂਹ ਕਾਫੀ ਹੱਦ ਤਕ ਉੱਪਰ ਜਾਣ ਲੱਗ ਪਈ ਹੈ। ਇਸ ਲਈ ਉਹਨਾਂ ਦੇ ਮਾਤਾ ਵੀ ਪੰਜਾਬ ਸਰਕਾਰ ਦੇ ਧੰਨਵਾਦੀ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ
ਜ਼ਿਲ੍ਹੇ ਵਿੱਚ 240 ਵੱਖ-ਵੱਖ ਥਾਵਾਂ ‘ਤੇ ਲਗਾਈਆਂ ਜਾ ਰਹੀਆਂ ਇਨ੍ਹਾਂ ਯੋਗਾ ਕਲਾਸਾਂ ਨਾਲ ਲਗਪਗ 10,300 ਜ਼ਿਲ੍ਹਾ ਨਿਵਾਸੀ ਲਾਭ ਉਠਾ ਰਹੇ ਹਨ।
ਯੋਗਾ ਸੈਸ਼ਨ ਸਵੇਰੇ 5:00 ਵਜੇ ਤੋਂ ਸ਼ੁਰੂ ਹੁੰਦੇ ਹਨ ਅਤੇ ਸ਼ਾਮ 8:15 ਵਜੇ ਤੱਕ ਵੱਖ-ਵੱਖ ਸਮਾਂ-ਸਲਾਟ ਹੁੰਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਸੈਸ਼ਨ ਵਿੱਚ ਘੱਟੋ-ਘੱਟ 25 ਵਿਅਕਤੀਆਂ ਦਾ ਦਾਖਲਾ ਲਾਜ਼ਮੀ ਹੈ ਅਤੇ ਯੋਗਾ ਸੈਸ਼ਨਾਂ ਵਿੱਚ ਭਾਗ ਲੈਣ ਲਈ ਆਉਣ ਵਾਲੇ ਪ੍ਰਤੀਭਾਗੀਆਂ ਦਾ ਮਾਰਗਦਰਸ਼ਨ ਕਰਨ ਲਈ ਜ਼ਿਲ੍ਹੇ ਵਿੱਚ 45 ਯੋਗਾ ਕੋਚ ਉਪਲਬਧ ਹਨ।
ਲੋਕ ਇਹਨਾਂ ਸੈਸ਼ਨਾਂ ਵਿੱਚ ਸਵੈ-ਇੱਛਾ ਨਾਲ ਭਾਗ ਲੈ ਰਹੇ ਹਨ। ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ‘ਤੇ ਸੰਪਰਕ ਕਰ ਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਘੱਟੋ-ਘੱਟ 25 ਭਾਗੀਦਾਰਾਂ ਵਾਲਾ ਕੋਈ ਵੀ ਇਲਾਕਾ ਆਪਣੀ ਨਵੀਂ ਕਲਾਸ/ਸੈਸ਼ਨ ਸ਼ੁਰੂ ਕਰਨ ਲਈ ਵਟਸਐਪ ਨੰਬਰ ‘ਤੇ ਕਾਲ / ਸੁਨੇਹਾ ਭੇਜ ਸਕਦਾ ਹੈ। ਯੋਗਾ ਕਲਾਸਾਂ ਲਈ ਕੋਈ ਚਾਰਜ ਨਹੀਂ ਲਿਆ ਜਾਂਦਾ।