ਸੁਰੱਖਿਅਤ ਮਾਤ੍ਰਤਵ ਮੁਹਿੰਮ” ਅਧੀਨ 587 ਗਰਭਵਤੀ ਔਰਤਾਂ ਦੀ ਵਿਸ਼ੇਸ਼ ਕੈਂਪਾਂ ਦੌਰਾਨ ਜਾਂਚ

ਪੰਜਾਬ ਵਿੱਚ ਪਹਿਲੀ ਵਾਰ ਮੁਹਿੰਮ ਦੌਰਾਨ ਔਰਤ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਡਿਊਟੀ ਕੈਂਪਾਂ ‘ਚ ਲਗਾਈ
ਵੱਧ ਤੋਂ ਵੱਧ ਸਰਕਾਰੀ ਸਿਹਤ ਸੇਵਾਵਾਂ ਦਾ ਲਿਆ ਜਾਵੇ ਫ਼ਾਇਦਾ: ਸਿਵਲ ਸਰਜਨ
ਬਰਨਾਲਾ, 12 ਜੂਨ 2021
ਸਿਹਤ ਵਿਭਾਗ ਬਰਨਾਲਾ ਵੱਲੋਂ ਡਾ. ਜਸਬੀਰ ਸਿੰਘ ਔਲਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ- ਨਿਰਦੇਸ਼ ਅਤੇ ਡਾ. ਨਵਜੋਤ ਪਾਲ ਭੁੱਲਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਅਗਵਾਈ ਵਿੱਚ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ “ਸੁਰੱਖਿਅਤ ਮਾਤ੍ਰਤਵ ਮੁਹਿੰਮ” ਤਹਿਤ ਗਰਭਵਤੀ ਔਰਤਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ।
ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਜੱਚਾ -ਬੱਚਾ ਦੀ ਸਿਹਤ ਸੰਭਾਲ ਪ੍ਰਤੀ ਸਿਹਤ ਵਿਭਾਗ ਆਪਣੀ ਜਿੰਮੇਵਾਰੀ ਸਮਝਦਿਆ ਇਹ ਵਿਸ਼ੇਸ਼ ਜਾਂਚ ਕੈਂਪ ਹਰ ਮਹੀਨੇ ਲਗਵਾਉਂਦਾ ਹੈ। ਡਾ. ਔਲਖ ਨੇ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਕੈਂਪਾ ਦੌਰਾਨ ਔਰਤ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਪੀ.ਐਚ.ਸੀ.ਪੱਧਰ ਤੱਕ ਗਰਭਵਤੀ ਔਰਤਾਂ ਦੀ ਜਾਂਚ ਕਰਨ ਲਈ ਡਿਊਟੀ ਲਗਾਈ ਗਈ, ਜੋ ਕਿ ਪੰਜਾਬ ਭਰ ਵਿੱਚੋਂ ਇਸ ਮੁਹਿੰਮ ਦੌਰਾਨ ਪਹਿਲੀ ਵਾਰ ਜ਼ਿਲ੍ਹਾ ਬਰਨਾਲਾ ਵਿੱਚ ਹੋਇਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਮੈਡੀਕਲ ਜਾਂਚ ਅਤੇ ਕੌਂਸਲਿੰਗ ਕਰਕੇ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ ਅਤੇ ਲੋੜੀਂਦੇ ਚੈਕਅੱਪ ਸਮੇਂ-ਸਿਰ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।
ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਕੈਂਪਾਂ ਦੌਰਾਨ ਜ਼ਿਲ੍ਹਾ ਬਰਨਾਲਾ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ 587 ਗਰਭਵਤੀ ਔਰਤਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ “ਸੁਰੱਖਿਅਤ ਮਾਤ੍ਰਤਵ ਮੁਹਿੰਮ” ਤਹਿਤ ਲਗਾਏ ਜਾਂਦੇ ਵਿਸ਼ੇਸ਼ ਕੈਂਪਾਂ ਦਾ ਮੁੱਖ ਉਦੇਸ਼ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਦੀ ਸੰਪੂਰਨ ਦੇਖਭਾਲ ਤੇ ਸਿਹਤ ਵਿਭਾਗ ਜਣੇਪੇ ਦੌਰਾਨ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਪ੍ਰਤੀ ਜਾਗਰੂਕ ਕਰਨਾ ਹੁੰਦਾ ਹੈ। ਇਨ੍ਹਾਂ ਕੈਂਪਾਂ ਦੌਰਾਨ ਗਰਭਵਤੀ ਔਰਤਾਂ ਨੂੰ ਪੋਸ਼ਟਿਕ ਭੋਜਨ ਖਾਣ ਲਈ ਪ੍ਰੇਰਿਤ ਕਰਦਿਆਂ ਦੱਸਿਆ ਗਿਆ ਕਿ ਗਰਭਵਤੀਆਂ ਵੱਲੋਂ ਹਰੀਆਂ ਪੱਤੇਦਾਰ ਸਬਜ਼ੀਆ, ਮੌਸਮੀ ਫਲ, ਗੁੜ, ਦੁੱਧ, ਦਹੀਂ, ਜੂਸ, ਆਦਿ ਪੌਸ਼ਟਿਕ ਭੋਜਨ ਖਾਧਾ ਜਾਵੇ ਅਤੇ ਸਮੇਂ- ਸਮੇਂ `ਤੇ ਮਾਹਰ ਡਾਕਟਰਾਂ ਦੀ ਸਲਾਹ ਲਈ ਜਾਵੇ।
ਡਾ. ਔਲ਼ਖ ਨੇ ਦੱਸਿਆ ਕਿ ਜੱਚਾ-ਬੱਚਾ ਦੀ ਸਿਹਤ ਲਈ ਸੰਸਥਾਗਤ ਜਣੇਪਾ ਹੀ ਕਰਵਾਉਣਾ ਚਾਹੀਦਾ ਹੈ ਅਤੇ ਗਰਭਵਤੀਆਂ ਨੂੰ ਸਰਕਾਰੀ ਹਸਪਤਾਲਾਂ ਵਿਚ ਮਿਲਣ ਵਾਲੀਆਂ ਅਹਿਮ ਤੇ ਮੁਫ਼ਤ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਫ਼ਾਇਦਾ ਲੈਣਾ ਚਾਹੀਦਾ ਹੈ।

Spread the love