ਸੂਬੇ ਦੀਆਂ ਝਾਂਕੀਆਂ ਦਾ ਹਲਕਾ ਪੂਰਬੀ ‘ਚ ਭਰਵਾਂ ਸੁਆਗਤ

MLA Daljit Singh Grewal Bhola
ਸੂਬੇ ਦੀਆਂ ਝਾਂਕੀਆਂ ਦਾ ਹਲਕਾ ਪੂਰਬੀ 'ਚ ਭਰਵਾਂ ਸੁਆਗਤ
ਕੇਂਦਰ ਵੱਲੋਂ ਪੰਜਾਬ ਦੀਆਂ ਝਾਕੀਆਂ ਪਰੇਡ ‘ਚ ਸ਼ਾਮਲ ਨਾ ਕਰਨਾ ਮੰਦਭਾਗਾ – ਵਿਧਾਇਕ ਗਰੇਵਾਲ

ਲੁਧਿਆਣਾ, 27 ਜਨਵਰੀ 2024

ਦੇਸ਼ ਭਗਤੀ ਦੇ ਰੰਗ ਵਿੱਚ ਰੰਗੀਆਂ, ਪੰਜਾਬ ਸੂਬੇ ਦੇ ਇਤਿਹਾਸ, ਸੱਭਿਆਚਾਰ ਅਤੇ ਗੌਰਵ ਨੂੰ ਦਰਸਾਉਂਦੀਆਂ ਅਤੇ ਨਾਰੀ ਸਸ਼ਕਤੀਕਰਨ (ਮਾਈ ਭਾਗੋ) ਨੂੰ ਪ੍ਰਗਟਾਉਂਦੀਆਂ ਝਾਕੀਆਂ ਅੱਜ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਵਿੱਚ ਪਹੁੰਚੀਆਂ ਜਿੱਥੇ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਗਿਆ।

ਜਿਕਰਯੋਗ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮ ਮੌਕੇ ਪੰਜਾਬ ਦੀਆਂ ਝਾਕੀਆਂ ਨੂੰ ਪਰੇਡ ਵਿੱਚ ਕੇਂਦਰ ਸਰਕਾਰ ਵੱਲੋਂ ਸ਼ਾਮਲ ਨਾ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੀਆਂ ਇਨ੍ਹਾਂ ਝਾਕੀਆਂ ਨੂੰ ਸੂਬੇ ਦੇ ਹਰ ਹਲਕੇ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ ਤਾਂ ਜੋ ਪੰਜਾਬੀ ਇਹਨਾਂ ਝਾਕੀਆਂ ਦੀ ਝਲਕ ਪਾ ਸਕਣ।

ਇਸ ਮੌਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੇ ਨਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਤੋਂ ਇਲਾਵਾ ਵੱਡੀ ਗਿਣਤੀ ਹਲਕਾ ਨਿਵਾਸੀ ਵੀ ਮੌਜੂਦ ਸਨ।

ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਸਮਝ ਤੋਂ ਪਰੇ ਹੈ ਅਤੇ ਪੰਜਾਬ ਦੀਆਂ ਝਾਕੀਆਂ ਨੂੰ ਪਰੇਡ ਵਿੱਚ ਸ਼ਾਮਲ ਨਾ ਕਰਨਾ ਮੰਦਭਾਗਾ ਹੈ।

ਉਹਨਾਂ ਅੱਗੇ ਕਿਹਾ ਕਿ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਧੰਨਵਾਦੀ ਹਨ, ਜਿਨਾਂ ਵੱਲੋਂ ਵਿਸ਼ੇਸ਼ ਪਹਿਲਕਦਮੀ ਕਰਦਿਆਂ ਸੂਬਾ ਵਾਸੀਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਨ੍ਹਾਂ ਝਾਕੀਆਂ ਨੂੰ ਸੂਬੇ ਦੇ ਹਰ ਹਲਕੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਲਕਾ ਨਿਵਾਸੀਆਂ ਵਿੱਚ ਝਾਕੀਆਂ ਦੀ ਝਲਕ ਪਾਉਣ ਲਈ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਸੀ ਅਤੇ ਲੋਕ ਸਵੇਰ ਤੋਂ ਹੀ ਝਾਕੀਆਂ ਦੇ ਸਵਾਗਤ ਲਈ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਇੰਤਜ਼ਾਰ ਕਰ ਰਹੇ ਸਨ।

ਇਸ ਦੌਰਾਨ ਝਾਕੀਆਂ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ। ਇਸ ਮੌਕੇ ਤੇ ਆਪ ਆਗੂ ਪਰਮਿੰਦਰ ਸਿੰਘ ਸੰਧੂ, ਕਮਲਜੀਤ ਸਿੰਘ ਗਰੇਵਾਲ ਭੋਲਾ, ਮੈਡਮ ਪ੍ਰਿੰਸੀਪਲ ਇੰਦਰਜੀਤ ਕੌਰ, ਮੈਡਮ ਨਿਧੀ ਗੁਪਤਾ, ਬਖਸ਼ੀਸ ਹੀਰ, ਯੂਥ ਆਗੂ ਹੈਰੀ ਸੰਧੂ, ਵਾਰਡ ਇਨਚਾਰਜ ਅਨੁਜ ਚੌਧਰੀ, ਰਵਿੰਦਰ ਸਿੰਘ ਰਾਜੂ, ਦਫਤਰ ਇੰਚਾਰਜ ਅਸ਼ਵਨੀ ਗੋਭੀ, ਜਤਿੰਦਰ ਸੋਢੀ, ਚਰਨਜੀਤ ਸਿੰਘ ਚੰਨੀ, ਅਮਰੀਕ ਸਿੰਘ ਸੈਣੀ ਅਤੇ ਵਿਧਾਇਕ ਪੀਏ ਗੁਰਸ਼ਰਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਵੀ ਹਾਜ਼ਰ ਸਨ।

Spread the love