ਸੂਬੇ ਵਿੱਚ 10 ਲੱਖ ਹੈਕਟੇਅਰ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਲਿਆਉਣ ਦਾ ਟੀਚਾ: ਅਨਿਰੁਧ ਤਿਵਾੜੀ

ਘੱਟ ਤੋਂ ਘੱਟ ਪਾਣੀ ਦੀ ਵਰਤੋਂ ਨਾਲ ਖੇਤੀ ਸਮੇਂ ਦੀ ਮੁੱਖ ਲੋੜ
ਵਧੀਕ ਮੁੱਖ ਸਕੱਤਰ (ਵਿਕਾਸ) ਵੱਲੋਂ ਪਿੰਡ ਠਸਕਾ ਤੇ ਸ਼ਾਹਪੁਰ ਵਿਖੇ ਝੋਨੇ ਦੀ ਸਿੱਧੀ ਬਿਜਾਈ ਅਤੇ ਤੁਪਕਾ ਸਿੰਚਾਈ ਤੇ ਫੁਹਾਰਾ ਸਿੰਚਾਈ ਸਬੰਧੀ ਜਾਇਜ਼ਾ
ਐਸ.ਏ.ਐਸ.ਨਗਰ/ਮਾਜਰੀ, 18 ਜੂਨ 2021
ਸੂਬੇ ਦੇ ਧਰਤੀ ਹੇਠਲੇ ਪਾਣੀ ਦੇ ਦਿਨੋਂ ਦਿਨ ਡਿਗਦੇ ਪੱਧਰ ਨੂੰ ਹੋਰ ਡਿੱਗਣ ਤੋਂ ਬਚਾਉਣ ਅਤੇ ਇਸ ਵਿੱਚ ਸੁਧਾਰ ਦੇ ਮੱਦੇਨਜ਼ਰ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਤੇ ਇਸ ਸਾਲ 10 ਲੱਖ ਹੈਕਟੇਅਰ ਰਕਬਾ ਝੋਨੇ ਦੀ ਸਿੱਧੀ ਬਿਜਾਈ ਅਧੀਨ ਲਿਆਉਣ ਦਾ ਟੀਚਾ ਹੈ ਜਦਕਿ ਪਿਛਲੇ ਸਾਲ 05.5 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ।
ਇਹ ਜਾਣਕਾਰੀ ਵਧੀਕ ਮੁੱਖ ਸਕੱਤਰ (ਵਿਕਾਸ) ਸ਼੍ਰੀ ਅਨਿਰੁਧ ਤਿਵਾੜੀ ਨੇ ਜਿ਼ਲ੍ਹੇ ਦੇ ਪਿੰਡ ਸ਼ਾਹਪੁਰ ਵਿਖੇ ਕਿਸਾਨ ਬਲਜੀਤ ਸਿੰਘ ਵੱਲੋਂ 02 ਏਕੜ ਵਿੱਚ ਕੀਤੀ ਝੋਨੇ ਦੀ ਸਿੱਧੀ ਬਿਜਾਈ ਅਤੇ ਸਿੰਚਾਈ ਲਈ ਅਪਣਾਈ ਫੁਹਾਰਾ ਤਕਨੀਕ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਇਸ ਮੌਕੇ ਉਨ੍ਹਾਂ ਨੇ ਪਿੰਡ ਸ਼ਾਹਪੁਰ ਵਿਖੇ ਕਿਸਾਨ ਸੁਖਵਿੰਦਰ ਸਿੰਘ ਵੱਲੋਂ ਕੀਤੀ ਝੋਨੇ ਦੀ ਸਿੱਧੀ ਬਿਜਾਈ ਅਤੇ ਸਿੰਚਾਈ ਲਈ ਵਰਤੀ ਜਾ ਰਹੀ ਤੁਪਕਾ ਸਿੰਚਾਈ ਤਕਨੀਕ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਕਿਹਾ ਕਿ ਪਿੰਡ ਸ਼ਾਹਪੁਰ ਵਿਖੇ ਪਾਇਲਟ ਪ੍ਰੋਜੈਕਟ ਤਹਿਤ ਤੁਪਕਾ ਸਿੰਚਾਈ ਤਕਨੀਕ ਲਾਗੂ ਕੀਤੀ ਗਈ ਹੈ, ਜਿਸ ਵਿੱਚ ਮੋਟਰ ਜਾਂ ਪ੍ਰੈਸ਼ਰ ਦੀ ਲੋੜ ਨਹੀਂ ਪੈਂਦੀ। ਤਜਰਬਾ ਸਫ਼ਲ ਰਹਿਣ ਉਤੇ ਇਸ ਨੂੰ ਵੱਡੇ ਪੱਧਰ ਉਤੇ ਲਾਗੂ ਕੀਤਾ ਜਾਵੇਗਾ।
ਇਸ ਮੌਕੇ ਸ਼੍ਰੀ ਤਿਵਾੜੀ ਨੇ ਦੱਸਿਆ ਕਿ ਸਿੱਧੀ ਬਿਜਾਈ ਨਾਲ ਜਿੱਥੇ 15 ਤੋਂ 20 ਫੀ਼ਸਦ ਤੱਕ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਪ੍ਰਤੀ ਏਕੜ 2500 ਤੋਂ 3000 ਰੁਪਏ ਤੱਕ ਲਾਗਤ ਵੀ ਘਟਦੀ ਹੈ। ਇਸ ਤੋਂ ਇਲਾਵਾ ਇਸ ਤਕਨੀਕ ਨਾਲ ਲੇਬਰ ਦਾ ਖ਼ਰਚਾ ਵੀ ਬਚਦਾ ਹੈ। ਵਧੀਕ ਮੁੱਖ ਸਕੱਤਰ (ਵਿਕਾਸ) ਨੇ ਇਨ੍ਹਾਂ ਦੋਵਾਂ ਪਿੰਡਾਂ ਦੇ ਕਿਸਾਨਾਂ ਗਰੁੱਪਾਂ ਨੂੰ ਖੇਤੀਬਾੜੀ ਸਬੰਧੀ ਸਰਕਾਰ ਵੱਲੋਂ ਮੁਹੱਈਆ ਕਰਵਾਏ ਸੰਦਾਂ ਦਾ ਜਾਇਜ਼ਾ ਵੀ ਲਿਆ।
ਸ਼੍ਰੀ ਤਿਵਾੜੀ ਨੇ ਦੱਸਿਆ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਅਤੇ ਖੇਤੀ ਨੂੰ ਆਧੁਨਿਕ ਲੀਹਾਂ ਉਤੇ ਪ੍ਰਫੁੱਲਿਤ ਕਰਨ ਲਈ ਨਵੇਂ ਪ੍ਰੋਗਰਾਮ ਤਹਿਤ ਖੇਤੀਬਾੜੀ, ਬਾਗਬਾਨੀ, ਵੈਟਰਨਰੀ, ਆਦਿ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਤੈਅ ਸਮਾਂ ਸਾਰਣੀ ਮੁਤਾਬਕ ਰੋਜ਼ਾਨਾਂ ਵੱਖ ਵੱਖ ਪਿੰਡਾਂ ਵਿੱਚ ਜਾਇਆ ਕਰਨਗੀਆਂ।ਇਹ ਟੀਮਾਂ ਜਿੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਮੌਕੇ ਉਤੇ ਹੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ, ਉਥੇ ਸਿੱਧੀ ਬਿਜਾਈ, ਫ਼ਸਲਾਂ ਦੀ ਰਹਿੰਦ ਖੂੰਹਦ ਨਾ ਸਾੜਨ, ਤੁਪਕਾ ਤੇ ਫੁਹਾਰਾ ਸਿੰਚਾਈ ਵਰਗੀਆਂ ਤਕਨੀਕਾਂ ਅਤੇ ਫ਼ਸਲੀ ਵਿਭਿੰਨਤਾ ਅਪਨਾਉਣ ਲਈ ਕਿਸਾਨਾਂ ਨੂੰੰ ਜਾਗਰੂਕ ਵੀ ਕਰਨਗੀਆਂ।
ਇਸ ਮੌਕੇ ਵਧੀਕ ਮੁੱਖ ਸਕੱਤਰ (ਵਿਕਾਸ) ਨੇ ਕਿਸਾਨਾਂ ਤੋਂ ਖੇਤੀਬਾੜੀ ਸਬੰਧੀ ਮੁਸ਼ਕਲਾਂ ਦੇ ਹੱਲ ਲਈ ਸੁਝਾਅ ਵੀ ਲਏ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਕਿਸਾਨਾਂ ਵੱਲੋਂ ਕੁਦਰਤੀ ਆਫਤਾਂ ਕਾਰਨ ਖ਼ਰਾਬ ਹੁੰਦੀਆਂ ਫ਼ਸਲਾਂ ਦੇ ਮੁਆਵਜ਼ੇ, ਫ਼ਸਲੀ ਬੀਮੇ, ਆਵਾਰਾ ਪਸ਼ੂਆਂ ਦੇ ਪ੍ਰਬੰਧਨ, ਨਹਿਰੀ ਪਾਣੀ ਮੁਹੱਈਆ ਕਰਵਾਉਣ, ਵੱਧ ਤੋਂ ਵੱਧ ਖੇਤੀ ਸੰਦਾਂ ਨੂੰ ਸਬਸਿਡੀ ਦੇ ਘੇਰੇ ਵਿੱਚ ਲਿਆਉਣ ਸਬੰਧੀ ਮੁਸ਼ਕਲਾਂ ਤੇ ਮੰਗਾਂ ਵਧੀਕ ਮੁੱਖ ਸਕੱਤਰ (ਵਿਕਾਸ) ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਤੇ ਸ਼੍ਰੀ ਤਿਵਾੜੀ ਵੱਲੋਂ ਇਨ੍ਹਾਂ ਮੁਸ਼ਕਲਾਂ ਦੇ ਹੱਲ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਗੁਰਦਿਆਲ ਕੁਮਾਰ ਨੇ ਆਪਣੇ ਵੱਲੋਂ ਲਿਖੀ ਤੇ ਪਾਣੀ ਦੀ ਸੁਚੱਜੀ ਸੰਭਾਲ ਲਈ ਪ੍ਰੇਰਦੀ ਕਵਿਤਾ ”ਡਿੱਗਦਾ ਜਾਂਦਾ ਪਾਣੀ ਦਾ ਪੱਧਰ” ਬਹੁਤ ਵੀ ਭਾਵਪੂਰਨ ਢੰਗ ਨਾਲ ਸੁਣੀ, ਜਿਸ ਦੀ ਵਧੀਕ ਮੁੱਖ ਸਕੱਤਰ (ਵਿਕਾਸ) ਸ਼੍ਰੀ ਅਨਿਰੁਧ ਤਿਵਾੜੀ ਅਤੇ ਸਮੂਹ ਹਾਜ਼ਰੀਨ ਵੱਲੋਂ ਸ਼ਲਾਘਾ ਕੀਤੀ ਗਈ।
ਇਸ ਮੌਕੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਖਦੇਵ ਸਿੰਘ, ਮੁੱਖ ਭੂਮੀਪਾਲ ਪੰਜਾਬ ਸਰਕਾਰ ਸ਼੍ਰੀ ਰਾਜੇਸ਼ ਵਸਿ਼ਸ਼ਟ, ਐਸ.ਡੀ.ਐਮ ਖਰੜ ਸ਼੍ਰੀ ਹਿਮਾਂਸ਼ੂ ਜੈਨ, ਮੁੱਖ ਖੇਤੀਬਾੜੀ ਅਫ਼ਸਰ ਰਾਜੇਸ਼ ਕੁਮਾਰ ਰਹੇਜਾ, ਡਿਵੀਜ਼ਨਲ ਭੂਮੀ ਰੱਖਿਆ ਅਫ਼ਸਰ ਹਰਜਿੰਦਰ ਸਿੰਘ, ਖੇਤੀਬਾੜੀ ਅਫ਼ਸਰ ਮਾਜਰੀ ਗੁਰਬਚਨ ਸਿੰਘ, ਖੇਤੀਬਾੜੀ ਅਫ਼ਸਰ ਖਰੜ ਸੰਦੀਪ ਕੁਮਾਰ, ਸਰਪੰਚ ਪਿੰਡ ਠਸਕਾ ਸ. ਬਹਾਦਰ ਸਿੰਘ, ਕਿਸਾਨ ਬਲਜੀਤ ਸਿੰਘ, ਮੇਵਾ ਸਿੰਘ, ਪੰਚ ਅਵਤਾਰ ਸਿੰਘ, ਦਿਲਵਰ ਸਿੰਘ, ਭੁਪਿੰਦਰ ਸਿੰਘ ਪਿੰਡ ਬਦਨਪੁਰ, ਬਲਜਿੰਦਰ ਸਿੰਘ ਪਿੰਡ ਭਜੌਲੀ, ਅਵਤਾਰ ਸਿੰਘ ਪਿੰਡ ਤੀੜਾ ਤੇ ਹੋਰ ਪਤਵੰਤੇ ਹਾਜ਼ਰ ਸਨ।
ਵਧੀਕ ਮੁੱਖ ਸਕੱਤਰ (ਵਿਕਾਸ) ਸ਼੍ਰੀ ਅਨਿਰੁਧ ਤਿਵਾੜੀ ਪਿੰਡ ਠਸਕਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਤੇ ਫੁਹਾਰਾ ਸਿੰਚਾਈ ਸਬੰਧੀ ਜਾਇਜ਼ਾ ਲੈਂਦੇ ਹੋਏ।
ਵਧੀਕ ਮੁੱਖ ਸਕੱਤਰ (ਵਿਕਾਸ) ਸ਼੍ਰੀ ਅਨਿਰੁਧ ਤਿਵਾੜੀ ਪਿੰਡ ਸ਼ਾਹਪੁਰ ਵਿਖੇ ਝੋਨੇ ਦੀ ਸਿੱਧੀ ਬਿਜਾਈ ਤੇ ਤੁਪਕਾ ਸਿੰਚਾਈ ਸਬੰਧੀ ਜਾਇਜ਼ਾ ਲੈਂਦੇ ਹੋਏ।
ਵਧੀਕ ਮੁੱਖ ਸਕੱਤਰ (ਵਿਕਾਸ) ਸ਼੍ਰੀ ਅਨਿਰੁਧ ਤਿਵਾੜੀ ਪਿੰਡ ਠਸਕਾ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ।

Spread the love