ਸਬੰਧਤ ਸੇਵਾ ਧਾਰਾ 10 ਅਧੀਨ ਲਾਇਸੰਸ ਬਣਾਉਣ ਤੇ ਨਵਿਆਉਣ ਦੀ ਸਹੂਲਤ ਵੀ ਹੁਣ ਸੇਵਾ ਕੇਂਦਰਾਂ ਵਿਚ ਉਪਲੱਬਧ
ਅੰਮ੍ਰਿਤਸਰ , 10 ਸਤੰਬਰ 2021
ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਤੇ ਲੋਕ ਸ਼ਿਕਾਇਤਾਂ ਮਾਮਲੇ ਵਿਭਾਗ ਅਤੇ ਈ-ਗਵਰਨੈਂਸ ਸੁਸਾਇਟੀ ਵੱਲੋਂ ਸੇਵਾ ਕੇਂਦਰਾਂ ‘ਚ ਪੰਜਾਬ ਮੰਡੀ ਬੋਰਡ ਦੇ ਆੜ੍ਹਤੀਆਂ ਦੀ ਸਹੂਲਤ ਲਈ ਦੋ ਹੋਰ ਸੇਵਾਵਾਂ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜ਼ਿਲ੍ਹੇ ਦੇ 41 ਸੇਵਾ ਕੇਂਦਰਾਂ ‘ਚ ਹੁਣ ਨਵੇਂ ਅਤੇ ਨਵਿਆਉਣ ਯੋਗ (ਰੀਨਿਊ) ਲਾਇਸੈਂਸ ਦੀਆਂ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਲੋਕਾਂ ਨੂੰ ਪ੍ਰਸ਼ਾਸਕੀ ਸੇਵਾਵਾਂ ਬਿਹਤਰ ਢੰਗ ਨਾਲ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਨੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਦਿੱਤੇ ਜਾਂਦੇ ਪੰਜਾਬ ਮੰਡੀ ਬੋਰਡ ਨਾਲ ਸਬੰਧਤ ਲਾਇਸੈਂਸ ਦੀ ਸੇਵਾ ਵੀ ਹੁਣ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ ‘ਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਦੋ ਹੋਰ ਸਹੂਲਤਾਂ ਦਾ ਇਜ਼ਾਫਾ ਹੋਣ ਨਾਲ ਕੁੱਲ 336 ਸਰਕਾਰੀ ਸੇਵਾਵਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਲਾਇਸੰਸ ਜਾਰੀ ਕਰਨ ਲਈ 1050 ਰੁਪਏ ਅਤੇ ਲਾਇਸੰਸ ਨਵਿਆਉਣ ਲਈ 525 ਰੁਪਏ ਸੇਵਾਂ ਕੇਂਦਰਾਂ ਦੀ ਫੈਸਟੀਲੇਸ਼ਨ ਫੀਸ ਹੋਵੇਗੀ। ਉਨਾਂ ਦੱਸਿਆ ਕਿ ਹੁਣ ਬਿਨੈਕਾਰ ਪੰਜਾਬ ਮੰਡੀ ਬੋਰਡ ਨਾਲ ਸਬੰਧਤ ਨਵੇਂ ਲਾਇਸੰਸ ਬਣਾਉਣ ਜਾਂ ਨਵਿਆਉਣ ਲਈ ਆਪਣੇ ਨਜ਼ਦੀਕੀ ਸੇਵਾ ਕੇਂਦਰਾਂ ਵਿਖੇ ਅਪਲਾਈ ਕਰ ਸਕਦੇ ਹਨ। ਉਨਾਂ ਕਿਹਾ ਕਿ ਇਸ ਸਬੰਧ ਸੇਵਾ ਕੇਂਦਰਾਂ ਦੇ ਅਮਲੇ ਨੂੰ ਪਹਿਲਾਂ ਹੀ ਸਿਖਲਾਈ ਮੁਹੱਈਆ ਕਰਵਾਈ ਜਾ ਚੁੱਕੀ ਹੈ। ਉਨਾਂ ਕਿਹਾ ਕਿ ਸੇਵਾ ਕੇਂਦਰਾਂ ਵਿਚ ਅਜਿਹੀਆਂ ਸੁਵਿਧਾਵਾਂ ਦਾ ਇਜ਼ਾਫਾ ਹੋਣ ਨਾਲ ਸਰਕਾਰੀ ਕੰਮਕਾਜ ਹੋਰ ਬਿਹਤਰ ਅਤੇ ਪਾਰਦਰਸ਼ੀ ਬਣ ਸਕਿਆ ਹੈ।