ਸ੍ਰੀਮਤੀ ਮਨੀਸ਼ਾ ਗੁਲਾਟੀ, ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਗੁਰਦਾਸਪੁਰ ਵਿਖੇ ਪਤੀ ਦੀ ਮੌਤ ਉਪਰੰਤ ‘ਮਿਹਨਤ’ ਤੇ ‘ਦ੍ਰਿੜਤਾ ਨਾਲ ਕੰਮ ਕਰ ਰਹੀ ਰਜਨੀ ਨਾਲ ਮੁਲਾਕਾਤ

ਰਜਨੀ ਦੀ ਹਿੰਮਤ ਤੇ ਹੌਂਸਲੇ ਨੂੰ ਸਲਾਮ- ਸ੍ਰੀਮਤੀ ਮਨੀਸ਼ਾ ਗੁਲਾਟੀ, ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ
ਗੁਰਦਾਸਪੁਰ, 28 ਜੁਲਾਈ 2021 ਸ੍ਰੀਮਤੀ ਮਨੀਸ਼ਾ ਗੁਲਾਟੀ, ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਪੰਜਾਬ ਵਲੋਂ ਅੱਜ ਗੁਰਦਾਸਪੁਰ ਵਿਖੇ ਆਪਣੀ ਮਿਹਨਤ ਤੇ ਦ੍ਰਿੜ ਇੱਛਾ ਸ਼ਕਤੀ ਨਾਲ ਮਹਿਲਾਵਾਂ ਲਈ ਰੋਡ ਮਾਡਲ ਬਣੀ, ਰਜਨੀ ਨਾਲ ਮੁਲਾਕਾਤ ਕੀਤੀ ਗਈ ਅਤੇ ਉਸ ਦੇ ਜ਼ਜਬੇ ਤੇ ਹਿੰਮਤ ਨੂੰ ਸਲਾਮ ਕੀਤਾ। ਇਸ ਮੌਕੇ ਸ੍ਰੀਮਤੀ ਅੰਮ੍ਰਿਤਵੀਰ ਕੋਰ, ਵਾਈਸ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ, ਨਵਜੋਤ ਸਿੰਘ ਐਸ.ਪੀ (ਹੈੱਡਕੁਆਟਰ), ਅਰਵਿੰਦ ਸਲਵਾਨ ਤਹਿਸਲੀਦਾਰ, ਤਰਸੇਮ ਲਾਲ ਨਾਇਬ ਤਹਿਸੀਲਦਾਰ, ਪਰਮਿੰਦਰ ਸਿੰਘ ਡੀ.ਐਸ.ਪੀ.ਆਦਿ ਮੋਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਪਰਨਸ ਸ੍ਰੀਮਤੀ ਗੁਲਾਟੀ ਨੇ ਦੱਸਿਆ ਕਿ ਰਜਨੀ, ਜੋ ਗਰਭਵਤੀ ਹੈ, ਵਲੋਂ ਆਪਣੀ ਪਤੀ ਦੀ ਮੌਤ ਤੋਂ ਬਾਅਦ ਆਪਣੇ ਸੱਸ-ਸਹੁਰੇ ਤੇ ਬੱਚੇ ਦੇ ਗੁਜ਼ਾਰੇ ਲਈ ਖੁਦ ਅੱਗੇ ਆ ਕੇ ਮਿਹਨਤ ਨਾਲ ਕੰਮ ਕਰਕੇ ਮਹਿਲਾਵਾਂ ਲਈ ਰੋਲ ਮਾਡਲ ਪੇਸ਼ ਕੀਤਾ ਹੈ ਅਤੇ ਉਸਦੀ ਹਿੰਮਤ ਅਤੇ ਦ੍ਰਿੜ ਇਰਾਦੇ ਨੂੰ ਉਹ ਸਲਾਮ ਕਰਦੇ ਹਨ। ਉਨਾਂ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਅਜਿਹੀਆਂ ਔਰਤਾਂ ਅੱਗੇ ਸਿਰ ਝੁਕਾਉਦਾ ਹੈ, ਜੋ ਆਪਣੇ ਹੌਂਸਲੇ ਦੇ ਬਲਬੂਤੇ ਸਮਾਜ ਵਿਚ ਵਿਚਰਦੀਆਂ ਹਨ ਤੇ ਦੂਸਰਿਆਂ ਲਈ ਮਿਸਾਲ ਪੇਸ਼ ਕਰਦੀਆਂ ਹਨ।
ਸ੍ਰੀਮਤੀ ਗੁਲਾਟੀ ਨੇ ਅੱਗੇ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ, ਰਜਨੀ ਦੇ ਨਾਲ ਖੜ੍ਹਾ ਹੈ ਅਤੇ ਉਸਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਰਜਨੀ ਦੀ ਅਗਲੇ ਹਫਤੇ ਤੋਂ ਪੈਨਸ਼ਨ ਲੱਗ ਜਾਵੇਗੀ ਅਤੇ ਉਹ ਸਰਕਾਰ ਨੂੰ ਅਪੀਲ ਕਰਨਗੇ ਕਿ ਉਹ ਰਜਨੀ ਨੂੰ ਆਪਣਾ ਕੰਮਕਾਜ ਚਲਾਉਣ ਲਈ ਇਕਿ ਪੱਕਾ ਸਟਾਲ ਲਗਾ ਕੇ ਦਿੱਤਾ ਜਾਵੇ। ਨਾਲ ਹੀ ਉਨਾਂ ਕਿਹਾ ਕਿ ਰਜਨੀ ਦੇ ਬੱਚੇ ਦੀ ਸਾਰੀ ਪੜ੍ਹਾਈ ਮੁਫ਼ਤ ਕਰਵਾਈ ਜਾਵੇਗੀ ਅਤੇ ਉਸਨੂੰ ਮੈਡੀਕਲ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਨਾਲ ਹੀ ਉਨਾਂ ਕਿਹਾ ਕਿ ਉਹ ਸ੍ਰੀਮਤੀ ਅਰੁਣਾ ਚੋਧਰੀ ਕੈਬਨਿਟ ਮੰਤਰੀ ਪੰਜਾਬ ਨੂੰ ਵੀ ਅਪੀਲ ਕਰਨਗੇ ਕਿ ਰਜਨੀ ਦੀ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ। ਇਸ ਮੌਕੇ ਚੇਅਰਪਰਸਨ ਸ੍ਰੀਮਤੀ ਗੁਲਾਟੀ ਵਲੋ ਰਜਨੀ ਨੂੰ ਪ੍ਰਸੰਸਾ ਪੱਤਰ ਅਤ ਵਿੱਤੀ ਸਹਾਇਤਾ ਦੇ ਸਨਮਾਨਤ ਕੀਤਾ ਗਿਆ।
ਚੇਅਰਪਰਸਨ ਸ੍ਰੀਮਤੀ ਗੁਲਾਟੀ ਨੇ ਅੱਗੇ ਕਿਹਾ ਕਿ ਜਿਥੇ ਕਮਿਸ਼ਨ ਵਲੋਂ ਔਰਤਾਂ ਦੇ ਸ਼ਸ਼ਕਤੀਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਉਸੇ ਤਰਾਂ ਉਹ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਰਜਨੀ ਦੀ ਵੱਧ ਤੋਂ ਵੱਧ ਸਹਾਇਤਾ ਲਈ ਅੱਗੇ ਆਉਣ ਤਾਂ ਜੋ ਸਮਾਜ ਵਿਚ ਔਰਤਾਂ ਦਾ ਮਾਣ-ਸਨਮਾਨ ਹੋਰ ਉੱਚਾ ਬਹਾਲ ਹੋ ਸਕੇ। ਉਨਾਂ ਮੀਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੀਡੀਆਂ ਨੇ ਰਜਨੀ ਵਲੋਂ ਕੀਤੇ ਗਏ ਹਿੰਮਤੀ ਕਾਰਜ ਬਾਰੇ ਲੋਕਾਂ ਤੇ ਸਮਾਜ ਨੂੰ ਜਾਣਕਾਰੀ ਪ੍ਰਦਾਨ ਕਰਨ ਵਿਚ ਉਸਾਰੂ ਭੂਮਿਕਾ ਨਿਭਾਈ ਹੈ, ਜੋ ਸ਼ਲਾਘਾਯੋਗ ਹੈ।
ਇਸ ਮੌਕੇ ਉਨਾਂ ਵਲੋਂ ਔਰਤਾਂ ਦੀ ਮੁਸ਼ਕਿਲਾਂ ਵੀ ਸੁਣੀਆਂ ਗਈਆਂ ਤੇ ਉਨਾਂ ਨੂੰ ਯਕੀਨ ਦਿਵਾਇਆ ਗਿਆ ਕਿ ਕਮਿਸ਼ਨ ਔਰਤਾਂ ਨੂੰ ਇਨਸਾਫ ਦਿਵਾਉਣ ਵਿਚ ਕੋਈ ਢਿੱਲਮੱਠ ਨਹੀਂ ਵਰਤੇਗਾ। ਜ਼ਿਆਦਾਤਰ ਸ਼ਿਕਾਇਤਾਂ ਘਰੇਲੂ ਹਿੰਸਾ, ਪਰਿਵਾਰਕ ਝਗੜੇ ਤੇ ਜਾਇਦਾਦ ਆਦਿ ਨਾਲ ਸਬੰਧਤ ਸਨ। ਉਨਾਂ ਅੱਗੇ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਮੁੱਖ ਮੰਤਵ ਅੋਰਤਾਂ ਦੇ ਹਿੱਤਾਂ ਤੇ ਅਧਿਕਾਰਾਂ ਦੀ ਰਾਖੀ ਕਰਨਾ ਹੈ ਤਾਂ ਜੋ ਸਮਾਜ ਵਿਚ ਔਰਤਾਂ ਨੂੰ ਹੋਰ ਸਨਮਾਨਜਨਕ ਸਥਾਨ ਮਿਲ ਸਕੇ।
ਇਸ ਮੌਕੇ ਗੱਲਬਾਤ ਕਰਦਿਆਂ ਰਜਨੀ ਨੇ ਕਿਹਾ ਕਿ ਉਹ ਚੇਅਰਪਰਸਨ ਸ੍ਰੀਮਤੀ ਗੁਲਾਟੀ ਦਾ ਧੰਨਵਾਦ ਕਰਦੇ ਹਨ ਕਿ ਉਨਾਂ ਵਲੇਂ ਗੁਰਦਾਸਪੁਰ ਵਿਖੇ ਆ ਕੇ ਉਨਾਂ ਨਾਲ ਮੁਲਾਕਾਤ ਕੀਤੀ ਗਈ ਤੇ ਉਸਦੀ ਹੌਂਸਲਾ ਅਫਜਾਈ ਕੀਤੀ ਗਈ।
ਦੱਸਣਯੋਗ ਹੈ ਕਿ ਰਜਨੀ ਧਾਰੀਵਾਲ ਦੀ ਵਸਨੀਕ ਹੈ ਅਤੇ ਕੁਝ ਸਮੇਂ ਪਹਿਲਾਂ ਉਸਦੇ ਪਤੀ ਦੀ ਮੋਤ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਅਤੇ ਘਰ ਵਿਚ ਕੋਈ ਹੋਰ ਮੈਂਬਰ ਕਮਾਉਣ ਵਾਲਾ ਨਹੀ ਸੀ। ਘਰ ਵਿਚ ਬਜ਼ੁਰਗ ਸੱਸ–ਸਹੁਰਾ ਤੇ ਕਰੀਬ 8 ਸਾਲ ਦਾ ਪੁੱਤਰ ਹੈ। ਰਜਨੀ ਜੋ ਕਿ ਗਰਭਵਤੀ ਹੈ, ਨੇ ਹਿੰਮਤ ਨਾ ਹਾਰੀ ਤੇ ਖੁਦ ਪਰਿਵਾਰ ਦਾ ਸਹਾਰਾ ਬਣਨ ਲਈ ਅੱਗੇ ਆਈ। ਉਸਨੇ ਗੁਰਦਾਸਪੁਰ ਦੇ ਬਟਾਲਾ ਰੋਡ, ਸਾਹਮਣੇ ਵਿਸ਼ਾਲ ਮੈਗਾ ਮਾਰਟ ’ਤੇ ਕੜੀ-ਚਾਵਲ, ਰਾਜਮਾਂਹ-ਚਾਵਲ ਤਿਆਰ ਕੇ ਵੇਚਣ ਦਾ ਕੰਮ ਸ਼ੁਰੂ ਕੀਤਾ। ਰਜਨੀ ਆਪਣੇ ਭਰਾ ਦੀ ਕਾਰ ਦੀ ਡਿੱਗੀ ਵਿਚ ਕੜੀ-ਚਾਵਲ ਤੇ ਰਾਜਮਾਂਹ-ਚਾਵਲ ਬਣਾ ਕੇ ਲਿਆਉਂਦੀ ਹੈ ਤੇ ਉਸ ਵਿਚ ਦੁਕਾਨ ਦਾ ਕੰਮ ਕਰਦੀ ਹੈ। ਰਜਨੀ ਆਪਣੇ ਬੁਲੰਦ ਹੌਂਸਲੇ ਨਾਲ ਔਰਤ ਸਮਾਜ ਵਿਚ ਸਫਲ ਉਦਾਹਰਨ ਹੈ ਅਤੇ ਇਸੇ ਤਹਿਤ ਅੱਤ ਸ੍ਰੀਮਤੀ ਮਨੀਸ਼ਾ ਗੁਲਾਟੀ ਚੇਅਰਪਰਸਨ ਮਹਿਲਾ ਰਾਜ ਕਮਿਸ਼ਨ ਪੰਜਾਬ ਵਲੋਂ ਰਜਨੀ ਨਾਲ ਮੁਲਾਕਾਤ ਕਰਕੇ ਉਸਦੀ ਹੌਂਸ਼ਲਾ ਅਫਸਜਾਈ ਕੀਤੀ ਗਈ।

Spread the love