ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਆਨਲਾਈਨ ਲੇਖ ਮੁਕਾਬਲੇ ਸੰਪੰਨ

ਬਰਨਾਲਾ,1 ਜੂਨ 2021
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਸਾਹਿਬ ਦੇ ਜੀਵਨ, ਜੀਵਨ ਦਰਸ਼ਨ ਅਤੇ ਬਾਣੀ ਬਾਰੇ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਆਨਲਾਈਨ ਲੇਖ ਮੁਕਾਬਲੇ ਵਿਦਿਆਰਥੀਆਂ ਦੀ ਉਤਸ਼ਾਹਜਨਕ ਸ਼ਮੂਲੀਅਤ ਨਾਲ ਸੰਪੰਨ ਹੋ ਗਏ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ਐਲੀਮੈਂਟਰੀ ਅਤੇ ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਵਿੱਦਿਅਕ ਮੁਕਾਬਲਿਆਂ ਦੇ ਨੋਡਲ ਅਫ਼ਸਰ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 1 ਮਈ ਤੋਂ 31 ਮਈ ਤੱਕ ਕਰਵਾਏ ਗਏ ਆਨਲਾਈਨ ਲੇਖ ਮੁਕਾਬਲਿਆਂ ‘ਚ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਉਤਸ਼ਾਹ ਅਤੇ ਸਤਿਕਾਰ ਨਾਲ ਭਾਗ ਲਿਆ ਗਿਆ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਲੇਖ ਮੁਕਾਬਲੇ ਵਿੱਚ ਬਰਨਾਲਾ ਬਲਾਕ ਦੇ 763 ਵਿਦਿਆਰਥੀਆਂ, ਮਹਿਲ ਕਲਾਂ ਬਲਾਕ ਦੇ 696 ਵਿਦਿਆਰਥੀਆਂ ਅਤੇ ਸ਼ਹਿਣਾ ਬਲਾਕ ਦੇ 412 ਵਿਦਿਆਰਥੀਆਂ ਸਮੇਤ ਜ਼ਿਲ੍ਹੇ ਵਿੱਚੋਂ ਕੁੱਲ 1871 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਮੁਕਾਬਲੇ ਵਿੱਚ ਸ਼ਿਰਕਤ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਕੂਲ ਪੱਧਰੀ ਪੁਜੀਸ਼ਨਾਂ ਤੋਂ ਸਕੂਲਾਂ ਵੱਲੋਂ ਜਾਣੂ ਕਰਵਾ ਦਿੱਤਾ ਗਿਆ ਹੈ, ਜਦਕਿ ਅਗਲੇ ਪੱਧਰ ਦੀਆਂ ਪੁਜੀਸ਼ਨਾਂ ਬਾਰੇ ਜੱਜਮੈਂਟ ਦੀ ਪ੍ਰਕ੍ਰਿਆ ਵਿਭਾਗੀ ਹਦਾਇਤਾਂ ਅਨੁਸਾਰ ਅਮਲ ਅਧੀਨ ਹੈ।
ਮੁਕਾਬਲਿਆਂ ਦੇ ਸਹਾਇਕ ਨੋਡਲ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਗਿਣਤੀ ਪੱਖੋਂ 152 ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਸਰਕਾਰੀ ਹਾਈ ਸਕੂਲ ਧੂਰਕੋਟ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ‘ਤੇ ਰਿਹਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਗੜ੍ਹ 118 ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਦੂਜੇ ਅਤੇ 51 ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਨਸ ਤੀਜੇ ਸਥਾਨ ‘ਤੇ ਰਿਹਾ । ਇਸੇ ਤਰ੍ਹਾਂ ਪ੍ਰਤੀਸ਼ਤ ਸ਼ਮੂਲੀਅਤ ਪੱਖੋਂ ਸਰਕਾਰੀ ਹਾਈ ਸਕੂਲ ਕਾਹਨੇਕੇ 55 ਫੀਸਦੀ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਪਹਿਲੇ, 52 ਫੀਸਦੀ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਸਰਕਾਰੀ ਹਾਈ ਸਕੂਲ ਧੂਰਕੋਟ ਦੂਜੇ ਅਤੇ 42 ਫੀਸਦੀ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਸਰਕਾਰੀ ਮਿਡਲ ਸਕੂਲ ਖਿਆਲੀ ਤੀਜੇ ਸਥਾਨ ‘ਤੇ ਰਿਹਾ।

Spread the love