ਕਵਿਤਾ ਤੇ ਭਾਸ਼ਣ ਮੁਕਾਬਲੇ ਕਰਵਾਏ
ਕਲਾਨੋਰ, (ਗੁਰਦਾਸਪੁਰ), 20 ਮਈ, 2021 ( ) ਪੰਜਾਬ ਸਰਕਾਰ ਦੀਆ ਹਦਾਇਤਾਂ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਕਲਾਨੋਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵਿਤਾ ਅਤੇ ਭਾਸ਼ਣ ਦੇ ਆਨਲਾਈਨ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ. ਦੇਵੀ ਦਾਸ ਸ਼ਰਮਾ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਸਰੋਤਿਆਂ ਨਾਲ ਵਿਚਾਰ ਦੀ ਸਾਂਝ ਪਾਈ। ਉਨਾਂ ਕਿਹਾ ਕਿ ਗੁਰੂ ਜੀ ਨੇ ਮਨੁੱਖਤਾ ਨੂੰ ਮਨ ਨੂੰ ਵਿਚਲਤ ਹੋਣ ਤੋਂ ਬਚਾਉਣ ਦੀ ਸਿੱਖਿਆ ਦਿੱਤੀ ਸੀ ਤਾਂ ਜੋ ਪੰਜ ਵਿਕਾਰਾਂ ’ਤੇ ਕਾਬ ਪਾਇਆ ਜਾ ਸਕੇ। ਗੁਰੂ ਸਾਹਿਬ ਜੀ ਦੀ ਬਾਣੀ ਮਨੁੱਖ ਨੂੰ ਮੌਤ ਦੀ ਅਟੱਲਤਾ ਦੱਸਕੇ ਉਸ ਨੂੰ ਸੰਸਾਰਕ ਮੋਹ ਮਾਇਆ ਦਾ ਤਿਆਗ ਕਰਕੇ ਮਨੁੱਖਤਾ ਦੀ ਭਲਾਈ ਲਈ ਪ੍ਰੇਰਿਤ ਕਰਦੀ ਹੈ। ਧਰਮ ਅਤੇ ਮਨੁੱਖਤਾ ਲਈ ਉਨਾਂ ਦੀ ਸ਼ਹਾਦਤ ਲਾਸਾਨੀ ਹੈ । ਗੁਰਮਤਿ ਸੰਗੀਤ ਦੀ ਪਰੰਪਰਾ ਵਿੱਚ ਵੀ ਉਹਨਾਂ ਦਾ ਬਹੁਮੁੱਲਾ ਯੋਗਦਾਨ ਹੈ ।
ਮੁਕਾਬਿਲਆਂ ਦੀ ਰੂਪ ਰੇਖਾ ਤੇ ਨਿਯਮਾਂ ਤੋਂ ਪ੍ਰੋਗਰਾਮ ਦੇ ਇੰਚਾਰਜ ਪ੍ਰੋ. ਨਵਦੀਪ ਕੋਰ ਨੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ। ਮੁਕਾਬਲੇ ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀ ਵਿਦਿਆਰਥਣ ਰਿਤਿਕਾ ਅਤੇ ਸਥਾਨਕ ਕਾਲਜ ਦੇ ਵਿਦਿਆਰਥੀਆਂ ਅਰਸ਼ਦੀਪ ਕੋਰ, ਨਿਸ਼ਾਨ ਚੰਦ, ਹਰਪ੍ਰੀਤ ਕੋਰ ਅਤੇ ਗੁਰਪ੍ਰੀਤ ਸਿੰਘ ਨੇ ਭਾਗ ਲਿਆ।
ਮੁਕਾਬਿਲਆਂ ਵਿਚ ਪ੍ਰੋ. ਆਸਥਾ ਸ਼ਰਮਾ ਅਤੇ ਪ੍ਰੋ. ਮਨਜਿੰਦਰ ਕੋਰ ਨੇ ਜੱਜ ਦੀ ਭੂਮਿਕਾ ਨਿਭਾਈ। ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਸੰਦੀਪ ਚੰਚਲ ਨੇ ਕੀਤਾ।
ਇਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸੂਬੇ ਭਰ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਆਦਿ ਦੇ ਸਬੰਧ ਵਿਚ ਆਨਲਾਈਨ ਮੁਕਾਬਲੇ ਅਤੇ ਸਮਾਗਮ ਕਰਵਾਏ ਜਾ ਰਹੇ ਹਨ।