ਚੇਅਰਮੈਨ ਲੱਕੀ ਨੇ ਯੂਨੀਵਰਸਿਟੀ ਲਈ ਮੁੱਖ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 27 ਅਗਸਤ 2021 ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਜ਼ਰੀਏ ਜਿੱਥੇ ਗੁਰੂ ਸਾਹਿਬ ਦੀ ਯਾਦ ਵਿਚ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਰੀ ਕੀਤੇ ਗਏ, ਉਥੇ ਸਰਹੱਦੀ ਖੇਤਰ ਪੱਟੀ ਦੇ ਪਿੰਡ ਕੈਂਰੋ ਵਿਖੇ ‘ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ’ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਇਸ ਮੌਕੇ ਸੰਬੋਧਨ ਕਰਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਿੱਖਿਆ ਬਹੁਤ ਜਰੂਰੀ ਹੈ ਤੇ ਇਹ ਅਜਿਹਾ ਸਾਧਨ ਹੈ, ਜਿਸ ਕੋਈ ਤੁਹਾਡੇ ਕੋਲੋਂ ਖੋਹ ਨਹੀਂ ਸਕਦਾ। ਉਨਾਂ ਦੱਸਿਆ ਕਿ ਪਿਛਲੀ ਸਰਕਾਰ ਵੇਲੇ ਅਸੀਂ ਪਟਿਆਲਾ ਵਿਖੇ ਲਾਅ ਯੂਨੀਵਰਸਿਟੀ ਸ਼ੁਰੂ ਕੀਤੀ ਸੀ ਅਤੇ ਹੁਣ ਕੈਂਰੋ, ਜੋ ਕਿ ਪੰਜਾਬ ਦੇ ਸਭ ਤੋਂ ਪ੍ਰਸਿਧ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਂਰੋ ਦਾ ਪਿੰਡ ਹੈ, ਵਿਖੇ ਯੂਨੀਵਰਸਿਟੀ ਸ਼ੁਰੂ ਕਰ ਰਹੇ ਹਾਂ। ਉਨਾਂ ਇਸ ਲਈ ਵਿਧਾਇਕ ਸ. ਹਰਮਿੰਦਰ ਸਿੰਘ ਗਿੱਲ ਵੱਲੋਂ ਕੀਤੀਆਂ ਨਿਰੰਤਰ ਕੋਸ਼ਿਸ਼ਾਂ ਲਈ ਧੰਨਵਾਦ ਵੀ ਕੀਤਾ।
ਅੰਮ੍ਰਿਤਸਰ ਤੋਂ ਵੀਡੀਓ ਕਾਨਫਰੰਸ ਜ਼ਰੀਏ ਸਮਾਗਮ ਵਿਚ ਜੁੜੇ ਚੇਅਰਮੈਨ ਸ੍ਰੀ ਜੁਗਲ ਕਿਸ਼ੋਰ ਨੇ ਯੂਨੀਵਰਸਿਟੀ ਦੀ ਸਥਾਪਨਾ ਨੂੰ ਸਰਹੱਦੀ ਖੇਤਰ ਲਈ ਵਰਦਾਨ ਦੱਸਦੇ ਕਿਹਾ ਕਿ ਅੰਮ੍ਰਿਤਸਰ ਤੋਂ ਕਰੀਬ 50 ਕਿਲੋਮੀਟਰ ਦੂਰ ਪੈਂਦੇ ਇਸ ਇਲਾਕੇ ਦੇ ਬੱਚੇ, ਜੋ ਕਿ ਕਾਨੂੰਨ ਦੀ ਪੜਾਈ ਕਰਨਾ ਚਾਹੁੰਦੇ ਸਨ, ਨੂੰ ਜਾਂ ਤਾਂ ਅੰਮ੍ਰਿਤਸਰ ਆਉਣਾ ਪੈਂਦਾ ਸੀ ਜਾਂ ਇਸ ਤੋਂ ਵੀ ਦੂਰ ਹੋਰ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਜਾਣਾ ਪੈਂਦਾ ਸੀ, ਪਰ ਹੁਣ ਉਹ ਆਪਣੇ ਘਰ ਨੇੜੇ ਰਹਿ ਕੇ ਕਾਨੂੰਨ ਦੀ ਉਚ ਵਿਦਿਆ ਪ੍ਰਾਪਤ ਕਰ ਸਕਣਗੇ। ਉਨਾਂ ਕਿਹਾ ਕਿ ਜਿਸ ਤਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਵਿਚ ਬਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ, ਉਸੇ ਤਰਾਂ ਇਹ ਯੂਨੀਵਰਸਿਟੀ ਇਸ ਸਰਹੱਦੀ ਖੇਤਰ ਦਾ ਨਾਮ ਰੌਸ਼ਨ ਕਰੇਗੀ ਅਤੇ ਇਥੋਂ ਪੜੇ ਬੱਚੇ ਦੇਸ਼ ਦੇ ਵੱਡੇ ਕਾਨੂੰਨਦਾਨ ਬਣਗੇ।
ਇਸ ਮੌਕੇ ਬੋਲਦੇ ਚੇਅਰਮੈਨ ਸ੍ਰੀ ਰਾਜਕੰਵਲਪ੍ਰੀਤ ਸਿੰਘ ਲੱਕੀ ਨੇ ਵਿਦਿਆ ਪੱਖੋਂ ਪਿਛੜੇ ਇਸ ਇਲਾਕੇ ਵਿਚ ਯੂਨੀਵਰਸਿਟੀ ਸਥਾਪਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਕਿਹਾ ਕਿ ਪਹਿਲਾਂ ਤੁਹਾਡੀਆਂ ਕੋਸ਼ਿਸ਼ਾਂ ਨਾਲ ਇਸ ਇਲਾਕੇ ਦੀ ਸਕੂਲੀ ਸਿੱਖਿਆ ਦਾ ਸੁਧਾਰ ਹੋਇਆ ਹੈ ਅਤੇ ਹੁਣ ਉਚੇਰੀ ਸਿੱਖਿਆ ਦੇ ਮੌਕੇ ਪੈਦਾ ਹੋਏ ਹਨ। ਉਨਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਕਿਹਾ ਕਿ ਇਸ ਨਾਲ ਇਕੱਲੇ ਤਰਨਤਾਰਨ ਜਿਲ੍ਹੇ ਨੂੰ ਹੀ ਨਹੀਂ, ਬਲਕਿ ਅੰਮ੍ਰਿਤਸਰ, ਫਿਰੋਜ਼ਪੁਰ, ਮੋਗਾ, ਫਰੀਦਕੋਟ ਅਤੇ ਹੋਰ ਗਵਾਂਢੀ ਜਿਲਿਆਂ ਦੇ ਬੱਚਿਆਂ ਨੂੰ ਵੀ ਵੱਡਾ ਲਾਭ ਮਿਲੇਗਾ। ਇਸ ਮੌਕੇ ਜਿਲ੍ਹਾ ਕੁਆਰਡੀਨੇਟਰ ਸ੍ਰੀ ਪਿ੍ਰੰਸ ਸਿੰਘ, ਸ੍ਰੀ ਵਿਨਾਇਕ ਸ਼ਰਮਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਕੈਪਸ਼ਨ-ਯੂਨੀਵਰਸਿਟੀ ਦੇ ਨੀਂਹ ਪੱਥਰ ਮੌਕੇ ਹਾਜ਼ਰ ਸ੍ਰੀ ਜੁਗਲ ਕਿਸ਼ੋਰ ਸ਼ਰਮਾ ਅਤੇ ਸ੍ਰੀ ਰਾਜ ਕੰਵਲਪ੍ਰੀਤ ਸਿੰਘ ਲੱਕੀ।