ਸ੍ਵ. ਪੰਜਾਬੀ ਕਵੀ ਦਿਓਲ ਦੀ ਸਾਹਿੱਤ ਸਿਰਜਣਾ ਬਾਰੇ ਉਸ ਦੇ ਜੱਦੀ ਪਿੰਡ ਸ਼ੇਖ ਦੌਲਤ ਵਿਖੇ ਜਨਮ ਦਿਨ ਮੌਕੇ ਭਾਰਤੀ ਸਾਹਿਤ ਅਕਾਦਮੀ ਵੱਲੋਂ ਚਰਚਾ

_Dr. Guriqbal Singh
ਸ੍ਵ. ਪੰਜਾਬੀ ਕਵੀ ਦਿਓਲ ਦੀ ਸਾਹਿੱਤ ਸਿਰਜਣਾ ਬਾਰੇ ਉਸ ਦੇ ਜੱਦੀ ਪਿੰਡ ਸ਼ੇਖ ਦੌਲਤ ਵਿਖੇ ਜਨਮ ਦਿਨ ਮੌਕੇ ਭਾਰਤੀ ਸਾਹਿਤ ਅਕਾਦਮੀ ਵੱਲੋਂ ਚਰਚਾ
ਸਮਾਗਮ ਦੀ ਪ੍ਰਧਾਨਗੀ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕੀਤੀ

ਲੁਧਿਆਣਾ 7 ਜਨਵਰੀ 2024

ਪੰਜਾਬੀ ਜ਼ਬਾਨ ਦੇ ਸਿਰਕੱਢ ਮਰਹੂਮ ਲੇਖਕ ਬਖ਼ਤਾਵਰ ਸਿੰਘ ਦਿਓਲ (ਕਵੀ ਦਿਓਲ) ਦੇ ਸਾਹਿਤ ਬਾਰੇ ਭਾਰਤੀ ਸਾਹਿਤ ਅਕਾਦਮੀ ਵੱਲੋਂ ਗ੍ਰਾਮਲੋਕ ਯੋਜਨਾ ਅਧੀਨ  ਉਨ੍ਹਾਂ ਦੇ ਜਨਮਦਿਨ ਮੌਕੇ ਸਾਹਿਤ ਸਭਾ ਜਗਰਾਓਂ ਦੇ ਸਰਿਯੋਗ ਨਾਲ ਕਵੀ ਦਿਉਲ ਦੇ ਜੱਦੀ ਪਿੰਡ ਸ਼ੇਖਦੌਲਤ ਵਿਖੇ ਨਿੱਠ ਕੇ ਲੋਕ ਚਰਚਾ ਕੀਤੀ ਗਈ।  ਸਮਾਗਮ ਦੀ ਪ੍ਰਧਾਨਗੀ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕੀਤੀ।

ਭਾਰਤੀ ਸਾਹਿਤ ਅਕਾਦਮੀ ਦੇ ਸਲਾਹਕਾਰ ਬੋਰਡ ਦੇ ਮੈਂਬਰ ਤੇ ਪ੍ਰਸਿੱਧ ਪੰਜਾਬੀ ਕਵੀ ਤੇ ਗਲਪਕਾਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਅਕਾਦਮੀ ਵੱਲੋਂ ‘ਗ੍ਰਾਮਲੋਕ’ ਤਹਿਤ  ਪ੍ਰਸਿੱਧ ਕਵੀਆਂ ਦੇ ਪਿੰਡਾਂ ਵਿੱਚ ਜਾ ਕੇ ਉਨ੍ਹਾਂ ਦੇ ਸਾਹਿਤ ਬਾਰੇ ਸਮਾਗਮ ਕਰਵਾਏ ਹਨ ਤੇ ਲੇਖਕਾਂ ਦੀ ਘਾਲਣਾ ਉਜਾਗਰ ਕੀਤੀ ਜਾ ਰਹੀ ਹੈ।
ਪ੍ਰੋਃ ਗੁਰਭਜਨ ਸਿੰਘ  ਗਿੱਲ ਨੇ ਪ੍ਰਧਾਨਗੀ ਭਾਸ਼ਨ ਦੇਂਦਿਆਂ ਕਿਹਾ ਕਿ ਦਿਓਲ ਦੀ ਸਮੁੱਚੀ ਰਚਨਾ ਚਾਹੇ ਕਵਿਤਾ ਹੋਵੇ, ਨਾਵਲ, ਕਹਾਣੀ ਜਾਂ ਨਾਟਕ ਹੋਣ , ਉਨ੍ਹਾਂ ਦਾ ਪੰਜਾਬੀ ਸਾਹਿਤ ‘ਚ ਭਰਪੂਰ ਚਰਚਾ ਰਿਹਾ ਹੈ ਤੇ ਰਹੇਗਾ। ਪ੍ਰੋ ਗਿੱਲ ਨੇ ਦਿਓਲ ਨਾਲ ਜੁੜੀਆਂ ਯਾਦਾਂ ਤਾਜ਼ਾ ਕਰਦੇ ਹੋਏ ਉਨ੍ਹਾਂ ਦੇ ਕਾਵਿ ਸਫ਼ਰ ਤੇ ਜਗਰਾਉਂ ਪਰਵਾਸ ਦੇ ਦਿਨਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਦਿਉਲ ਦੀ ਲੰਮੀ ਕਵਿਤਾ ਪਿਆਸ ਨੂੰ ਅੰਮ੍ਰਿਤਾ ਪ੍ਰੀਤਮ ਜੀ ਨੇ ਪੰਜਾਹ ਸਾਲ ਪਹਿਲਾਂ ਨਾਗਮਣੀ ਪ੍ਰਕਾਸ਼ਨ ਵੱਲੋਂ ਛਾਪ ਕੇ ਘਰ ਘਰ ਪਹੁੰਚਾਇਆ ਸੀ।
ਡਾਃ ਅਰਵਿੰਦਰ ਕੌਰ ਕਾਕੜਾ ਨੇ ‘ਦਿਓਲ ਦੀਆਂ ਕਵਿਤਾਵਾਂ’ ਪੁਸਤਕ ਦੇ ਹਵਾਲੇ ਨਾਲ ਕਿਹਾ ਕਿ ਦਿਓਲ ਦੀ ਕਵਿਤਾ ਬਹੁ ਪਰਤੀ ਬਹੁ- ਦਿਸ਼ਾਵੀਂ  ਵਿਸ਼ਿਆਂ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ ਉਹਨਾਂ ਦੀ ਕਵਿਤਾ ਵਿਚਲਾ ਮਾਨਵਵਾਦ ਸਮੁੱਚੀ ਲੁਕਾਈ ਦੇ ਵਿਭਿੰਨ ਪੱਖਾਂ ਨੂੰ ਕਵਿਤਾ ਵਿੱਚ ਭਿੰਨ ਕਾਵਿ ਰੂਪਾਂ ਰਾਹੀ ਚਿਤਰਮਾਨ ਕਰਦਾ ਸਾਹਮਣੇ ਆਉਂਦਾ ਹੈ। ਦੇਸ਼ ਦੀ ਵੰਡ ਦਾ ਸੰਤਾਪ ਹਡਾਉਂਦੀ ਮਾਨਸਿਕਤਾ ਤੋਂ ਲੈ ਕੇ ਅਜੋਕੇ ਤੌਰ ਦੇ ਕਰੂਰ ਵਰਤਾਰੇ ਦੇ ਵਿਭਿੰਨ ਅੰਸ਼ ਇਸ ਕਵਿਤਾ ਵਿੱਚੋਂ ਪ੍ਰਗਟ ਹੋਏ ਹਨ। ਦਿਓਲ ਹੋਰਾਂ ਦੀ ਕਾਵਿ ਸੰਵੇਦਨਾ, ਗਹਿਰਾ ,ਅਨੁਭਵ ਤੇ ਸੂਖਮ ਦ੍ਰਿਸ਼ਟੀ ਆਪਣੀ ਧਰਤ , ਲੋਕ ਤੇ ਸੱਭਿਆਚਾਰ ਪ੍ਰਤੀ ਪੂਰੀ ਮੁਹੱਬਤ ਸਾਂਝ ਨਾਲ ਪੇਸ਼ ਆਉਂਦੀ ਹੋਈ ਨਵਾਂ ਸਰਨਾਵਾਂ ਲਿਖਦੀ ਹੈ ।
ਅਵਤਾਰ ਸਿੰਘ ਜਗਰਾਉਂ ਨੇ ਕਿਹਾ ਕਿ ਦਿਓਲ ਦੀਆਂ ਲੰਬੀਆਂ ਕਵਿਤਾਵਾਂ ‘ਪਿਆਸ’, ‘ਆਟੇ ਦਾ ਦੀਵਾ’ ਦੇ ਆਧਾਰਿਤ ਉਨ੍ਹਾਂ ਦਾ ਸਾਹਿਤ ਸੰਵੇਦਨਾ, ਪ੍ਰਗੀਤਕ ਤੇ ਸਮਾਜਿਕ ਸਰੋਕਾਰਾਂ ਨਾਲ ਪ੍ਰਤੀਬਧ ਹਨ।
ਪ੍ਰਸਿੱਧ ਵਿਦਵਾਨ ਐਚ ਐਸ ਡਿੰਪਲ ਪੀ ਸੀ ਐੱਸ ਨੇ ਨਾਵਲ ‘ਉਹਦੇ ਮਰਨ ਤੋਂ ਮਗਰੋਂ’  ਬਾਰੇ ਕਿਹਾ ਕਿ ਇਸ ਦੀ ਪਟਕਥਾ ਕਈ ਉਪ ਵਿਸ਼ੇ ਸਮੇਟੇ ਹੋਏ ਹੈ ਤੇ ਨਾਵਲ ਚ ਪੇਂਡੂ ਧਰਾਤਲ ਦੀ ਬਹੁਪਰਤੀ ਤਸਵੀਰ ਪੇਸ਼ ਕੀਤੀ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਲੇਖਕ ਦੇ ਬਚਪਨ ਤੋਂ ਲੈਕੇ ਫ਼ੌਜੀ ਜੀਵਨ ਤੇ ਹਾਲਤਾਂ ਦੇ ਸਾਹਿਤ ਰਚਨਾ ਉਪਰ ਪਏ ਪ੍ਰਭਾਵਾਂ ਨੂੰ ਬਿਆਨਿਆ।
ਮੰਚ ਸੰਚਾਲਨ ਪੰਜਾਬੀ ਕਵੀ ਪ੍ਰਭਜੋਤ ਸਿੰਘ ਸੋਹੀ ਨੇ ਕੀਤਾ।ਸਮਾਗਮ ਦੌਰਾਨ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ,ਸਾਹਿਤ ਸਭਾ ਜਗਰਾਓਂ ਦੇ ਪ੍ਰਧਾਨ ਪ੍ਰੋ. ਕਰਮ ਸਿੰਘ ਸੰਧੂ,  ਪ੍ਰਿੰਸੀਪਲ ਦਲਜੀਤ ਕੌਰ ਹਠੂਰ, ਫਿਲਮ ਨਿਰਦੇਸ਼ਕ ਤੇ ਪ੍ਰਸਿੱਧ ਗੀਤਕਾਰ ਜਗਦੇਵ ਮਾਨ, ਅਦਾਕਾਰ ਜਸਦੇਵ ਮਾਨ, ਦੀਪ ਜਗਦੀਪ ਸਿੰਘ ਜਗਮੇਲ ਸਿੱਧੂ , ਮੁਖਤਿਆਰ ਸਿੰਘ ਬੋਪਾਰਾਏ, ਬੂਟਾ ਸਿੰਘ ਬੈਰਾਗੀ ਐਡਵੋਕੇਟ,ਵਕੀਲ ਬਲਵੰਤ ਸਿੰਘ ਤੂਰ, ਪੰਜਾਬੀ ਕਵੀ ਰਾਜਦੀਪ ਸਿੰਘ ਤੂਰ, ਜਗਦੀਪ ਸਿੰਘ ਗਿੱਲ(ਘੋਗਾ), ਪਰਮਿੰਦਰ ਸਿੰਘ ਬਿੱਲੂ,ਮਾਸਟਰ ਅਮਰਪਾਲ ਸਿੱਧੂ, ਮੇਜਰ ਸਿੰਘ ਛੀਨਾ, ਹਰਪਾਲ ਸਿੰਘ ਔਲਖ ਤੇ ਪਿੰਡ ਸ਼ੇਖਦੌਲਤ ਵਾਸੀਆਂ ਨੇ ਸ਼ਿਰਕਤ ਕੀਤੀ।
Spread the love