ਸੜਕ ਹਾਦਸੇ: ਬਰਨਾਲਾ ਪੁਲਿਸ ਨੂੰ ਬਲੈਕ ਸਪਾਟ ਸਬੰਧੀ ਸੂਚੀ ਨਗਰ ਕੌਂਸਲ ਨਾਲ ਸਾਂਝੀ ਕਰਨ ਦੇ ਨਿਰਦੇਸ਼

ਗੰਭੀਰ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਬਲੈਕ ਸਪਾਟ ਵਾਲੀਆਂ ਥਾਵਾਂ ‘ਤੇ ਲਗਾਏ ਜਾਣਗੇ ਸੂਚਨਾ ਬੋਰਡ, ਕਰਵਾਈ ਜਾਵੇਗੀ ਮੁਰੰਮਤ

ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਹੋਈ ਬੈਠਕ

ਬਰਨਾਲਾ, 7 ਫਰਵਰੀ 2025

ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਬਰਨਾਲਾ ਪੁਲਿਸ ਬਲੈਕ ਸਪਾਟ (ਉਨ੍ਹਾਂ ਥਾਵਾਂ ਜਿੱਥੇ ਸੜਕ ਹਾਦਸੇ ਵੱਧ ਹੁੰਦੇ ਹਨ) ਦੀ ਸੂਚੀ ਨਗਰ ਕੌਂਸਲ ਬਰਨਾਲਾ ਨਾਲ ਸਾਂਝੀ ਕੀਤੀ ਜਾਵੇ। ਨਗਰ ਕੌਂਸਲ ਬਰਨਾਲਾ ਵੱਲੋਂ ਇਨ੍ਹਾਂ ਥਾਵਾਂ ਉੱਤੇ ਲੋੜੀਂਦੇ ਮੁਰੰਮਤ ਦੇ ਕੰਮ ਕਰਵਾਏ ਜਾਣਗੇ ਅਤੇ ਨਾਲ ਹੀ ਲੋਕਾਂ ਨੂੰ ਇਸ ਸਬੰਧੀ ਸੂਚਨਾ ਦੇਣ ਵਾਲੇ ਬੋਰਡ ਲਗਵਾਏ ਜਾਣਗੇ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਸ਼੍ਰੀ ਹਰਕੰਵਲਜੀਤ ਸਿੰਘ ਨੇ ਬਰਨਾਲਾ ਪੁਲਿਸ ਨੂੰ ਇਹ ਨਿਰਦੇਸ਼ ਜ਼ਿਲ੍ਹਾ ਬਰਨਾਲਾ ਦੀ ਸੜਕ ਸੁਰੱਖਿਆ ਕਮੇਟੀ ਦੀ ਬੈਠਕ ਦੌਰਾਨ ਦਿੱਤੇ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਰਨਾਲਾ ਨਗਰ ਕੌਂਸਲ ਦੇ ਨਾਲ ਨਾਲ ਬਰਨਾਲਾ ਪੁਲਿਸ ਵੱਲੋਂ ਬਲੈਕ ਸਪਾਟ ਸਬੰਧੀ ਸੂਚੀਆਂ ਜ਼ਿਲ੍ਹਾ ਪੱਧਰ ਉੱਤੇ ਵੀ ਬਣਾਈ ਜਾਣਗੀਆਂ ਅਤੇ ਸਬੰਧਿਤ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਉਹ ਇਲਾਕੇ ਜਿੱਥੇ ਦੋ ਜਾਂ ਦੋ ਤੋਂ ਵੱਧ ਸਕੂਲ / ਕਾਲਜ ਇੱਕ ਸੜਕ ਉੱਤੇ ਚੱਲ ਰਹੇ ਹਨ, ਉਨ੍ਹਾਂ ਦੀ ਛੁੱਟੀ ਦਾ ਸਮਾਂ ਇਸ ਤਰੀਕੇ ਨਾਲ ਤੈਅ ਕੀਤਾ ਜਾਵੇ ਕਿ ਉੱਥੇ ਟ੍ਰੈਫਿਕ ਸਬੰਧੀ ਸਮੱਸਿਆ ਨਾ ਹੋਵੇ। ਇਨ੍ਹਾਂ ਸਕੂਲਾਂ / ਕਾਲਜਾਂ ਦੀ ਛੁੱਟੀ ਦੇ ਸਮੇਂ ‘ਚ ਇਸ ਤਰ੍ਹਾਂ ਅੰਤਰ ਰੱਖਿਆ ਜਾਵੇ ਕਿ ਬੱਚਿਆਂ ਨੂੰ ਟ੍ਰੈਫਿਕ ਕਰਨ ਕਿਸੇ ਸਮਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਕੰਮ ਲਈ ਜ਼ਿਲ੍ਹਾ ਸਿਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਕੂਲਾਂ ਨਾਲ ਰਾਬਤਾ ਕਾਇਮ ਕਰਕੇ ਪੁਲਿਸ ਨੂੰ ਦੱਸਣ।

ਸਕੱਤਰ ਆਰਟੀਆਈ ਬਰਨਾਲਾ ਕਰਨਬੀਰ ਸਿੰਘ ਛੀਨਾ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਬਰਨਾਲਾ ਦੇ ਸਕੂਲਾਂ ਦੀਆਂ ਬੱਸਾਂ, ਵਾਹਨਾਂ ਦੀ ਚੈਕਿੰਗ ਨਿਰੰਤਰ ਕੀਤੀ ਜਾਂਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਵਿਭਾਗ ਵੱਲੋਂ ਸਕੂਲਾਂ ਅਤੇ ਟਰੱਕ ਯੂਨੀਅਨਾਂ ਵਿੱਚ ਅੱਖਾਂ ਦੇ ਟੈਸਟ ਸਬੰਧੀ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਅੱਖਾਂ ਸਬੰਧੀ ਤਕਲੀਫ ਬਾਰੇ ਪਹਿਲਾਂ ਹੀ ਪਤਾ ਲੱਗ ਜਾਵੇ ਅਤੇ ਵਾਹਨ ਚਾਲਕਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੌਕੇ ਵੱਖ ਵੱਖ ਵਿਭਾਗਾਂ ਤੋਂ ਅਫ਼ਸਰ ਅਤੇ ਕਰਮਚਾਰੀ ਹਾਜ਼ਰ ਸਨ।