ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਇੰਦਰਜੀਤ ਸਿੰਘ ਰਾਏਪੁਰ ਅਤੇ ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਧੰਦੋਈ ਕ੍ਰਿਕਟ ਟੂਰਨਾਮੈਂਟ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ

ਖੇਡਾਂ ਦਾ ਨਰੋਏ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਵਿੱਚ ਅਹਿਮ ਯੋਗਦਾਨ – ਰਾਏਪੁਰ
ਬਟਾਲਾ, 15 ਜੁਲਾਈ 2021 ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਸ. ਇੰਦਰਜੀਤ ਸਿੰਘ ਰਾਏਪੁਰ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਅਤੇ ਇੱਕ ਨਰੋਏ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ। ਸ. ਰਾਏਪੁਰ ਅੱਜ ਪਿੰਡ ਹਰਪੁਰਾ-ਧੰਦੋਈ ਦੇ ਖੇਡ ਮੈਦਾਨ ਵਿੱਚ ਧੰਦੋਈ ਕ੍ਰਿਕਟ ਕਲੱਬ ਵੱਲੋਂ ਕਰਵਾਏ ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਬਹੁਤ ਅਹਿਮ ਅੰਗ ਹਨ ਅਤੇ ਖੇਡਾਂ ਜਿਥੇ ਸਾਡੇ ਤਨ-ਮਨ ਨੂੰ ਨਿਰੋਗ ਬਣਾਉਂਦੀਆਂ ਹਨ ਓਥੇ ਅਨੁਸ਼ਾਸਨ ਵਿੱਚ ਰਹਿਣਾ ਵੀ ਸਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅਤੀਤ ਵਿੱਚ ਪੰਜਾਬ ਦੇ ਨੌਜਵਾਨਾਂ ਦੀਆਂ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਰਹੀਆਂ ਹਨ ਅਤੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਵੀ ਆਪਣੀ ਮਿਹਨਤ ਨਾਲ ਉੱਚੇ ਮੁਕਾਮ ਹਾਸਲ ਕਰਨੇ ਚਾਹੀਦੇ ਹਨ।
ਸ. ਇੰਦਰਜੀਤ ਸਿੰਘ ਰਾਏਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਰਾਜ ਭਰ ਵਿੱਚ ਨਵੇਂ ਖੇਡ ਵਿੰਗ ਸਥਾਪਤ ਕਰਨ ਦੇ ਨਾਲ ਖੇਡਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਪੁਰਾ ਧੰਦੋਈ ਦੇ ਇਸ ਖੇਡ ਸਟੇਡੀਅਮ ਨੂੰ ਵੀ ਅੰਤਰਰਾਸ਼ਟਰੀ ਪੱਧਰ ਦਾ ਸਟੇਡੀਅਮ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਧੰਦੋਈ ਕ੍ਰਿਕਟ ਕਲੱਬ ਦੇ ਸਮੂਹ ਅਹੁਦੇਦਾਰਾਂ ਨੂੰ ਇਸ ਟੂਰਨਾਮੈਂਟ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਚੰਗੀ ਪਿਰਤ ਪਾਉਂਦੇ ਹਨ ਅਤੇ ਨੌਜਵਾਨ ਖੇਡਾਂ ਨਾਲ ਜੁੜਦੇ ਹਨ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਐੱਸ.ਪੀ. ਹੈੱਡ-ਕੁਆਟਰ ਸ. ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਨੌਜਵਾਨਾਂ ਦਾ ਖੇਡਾਂ ਨਾਲ ਜੁੜਨਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਥੋੜੇ ਦਿਨਾਂ ਨੂੰ ਉਲੰਪਿਕਸ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਇਸ ਵਾਰ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਪੰਜਾਬ ਤੋਂ ਖਿਡਾਰੀਆਂ ਦਾ ਵੱਡਾ ਦਲ ਭਾਗ ਲੈ ਰਿਹਾ ਹੈ। ਸ. ਗਿੱਲ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਉਲੰਪਿਕਸ ਖੇਡਾਂ ਨੂੰ ਦੇਖਣ ਅਤੇ ਚੰਗੇ ਖਿਡਾਰੀ ਬਣਨ ਦੀ ਪ੍ਰੇਰਨਾ ਲੈਣ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਜਿਹੜੇ ਨੌਜਵਾਨ ਖੇਡਾਂ ਦੇ ਖੇਤਰ ਨਾਲ ਜੁੜੇ ਹੋਏ ਹਨ ਉਨ੍ਹਾਂ ਨੂੰ ਪੂਰੀ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਅੰਤਰਰਾਸ਼ਟਰੀ ਪੱਧਰ ਤੱਕ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਜਾ ਸਕੇ।
ਇਸ ਮੌਕੇ ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਸ. ਇੰਦਰਜੀਤ ਸਿੰਘ ਰਾਏਪੁਰ, ਐੱਸ.ਪੀ. ਹੈੱਡ-ਕੁਆਟਰ ਸ. ਗੁਰਪ੍ਰੀਤ ਸਿੰਘ ਗਿੱਲ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਟਾਲਾ ਇੰਦਰਜੀਤ ਸਿੰਘ ਹਰਪੁਰਾ, ਸਤਨਾਮ ਸਿੰਘ ਉਮਰਪੁਰਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੂਟਾ ਸਿੰਘ ਧੰਦੋਈ, ਲਖਬੀਰ ਸਿੰਘ, ਗੁਰਜਿੰਦਰ ਸਿੰਘ, ਗੁਰਪਿੰਦਰ ਸਿੰਘ, ਬਲਜੀਤ ਸਿੰਘ, ਵਿੱਕੀ ਪ੍ਰਧਾਨ, ਰਵੀ, ਸੁਖਬੀਰ ਸਿੰਘ ਹਰਮਨ ਸਿੰਘ ਆਦਿ ਵੀ ਹਾਜ਼ਰ ਸਨ।

Spread the love