ਸੰਭਾਵਿਤ ਤੀਜੀ ਲਹਿਰ ਦੀ ਦਸਤਕ ਤੋਂ ਪਹਿਲਾਂ-ਪਹਿਲਾਂ ਜ਼ਰੂਰ ਲਗਵਾਓ ਕੋਵਿਡ-ਰੋਕੂ ਟੀਕਾ : ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ

GURINDERBIR KAUR
ਵੈਕਸੀਨ ਦੀ ਦੂਜੀ ਡੋਜ ਸਮੇਂ ਸਿਰ ਲਗਵਾਉਣ 'ਤੇ ਹੀ ਕੋਵਿਡ-19 ਵਿਰੁੱਧ ਬਣੇਗੀ ਪੂਰੀ ਇਮਿਊਨਿਟੀ : ਡਾ. ਗੁਰਿੰਦਰਬੀਰ ਕੌਰ

1300 ਤੋਂ ਵੱਧ ਯੋਗ ਵਿਅਕਤੀਆਂ ਨੇ ਲਗਵਾਈ ਵੈਕਸੀਨ
ਨਵਾਂਸ਼ਹਿਰ, 9 ਅਗਸਤ 2021 ਸ਼ਹੀਦ ਭਗਤ ਸਿੰਘ ਨਗਰ ਦੇ ਮਾਣਯੋਗ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਛੇੜੀ ਹੋਈ ਹੈ।
ਇਸੇ ਕੜੀ ਤਹਿਤ ਸਿਹਤ ਵਿਭਾਗ ਨੇ ਅੱਜ 1300 ਤੋਂ ਵੱਧ ਯੋਗ ਵਿਅਕਤੀਆਂ ਨੂੰ ਕੋਵਿਡ ਰੋਕੂ ਟੀਕੇ ਲਗਾਏ, ਜਿਸ ਨਾਲ ਜ਼ਿਲ੍ਹੇ ਵਿੱਚ ਯੋਗ ਵਿਅਕਤੀਆਂ ਨੂੰ ਦਿੱਤੀਆਂ ਗਈਆਂ ਵੈਕਸੀਨ ਦੀਆਂ ਖੁਰਾਕਾਂ ਦੀ ਗਿਣਤੀ 262800 ਨੂੰ ਪਾਰ ਕਰ ਗਈਆਂ ਹਨ।
ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਅੱਜ ਇੱਥੋਂ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਅਤੇ ਟੀਕਾਕਰਨ ਮੁਹਿੰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 1393 ਯੋਗ ਵਿਅਕਤੀਆਂ ਨੂੰ ਕੋਵਿਡ ਰੋਕੂ ਟੀਕੇ ਲਗਾਏ ਗਏ। ਇਸ ਤਰ੍ਹਾਂ ਜ਼ਿਲ੍ਹੇ ਵਿਚ ਕੋਵਿਡ-19 ਵਿਰੁੱਧ ਹੁਣ ਤੱਕ 18 ਸਾਲ ਤੋਂ ਵੱਧ ਉਮਰ ਵਰਗ ਦੇ ਯੋਗ ਵਿਅਕਤੀਆਂ ਨੇ 262895 ਖੁਰਾਕਾਂ ਲੈ ਲਈਆਂ ਹਨ, ਜਿਨ੍ਹਾਂ ਵਿਚ ਪਹਿਲੀ ਖੁਰਾਕ ਅਤੇ ਦੂਜੀ ਖੁਰਾਕ ਸ਼ਾਮਲ ਹੈ।
ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਸਿਹਤ ਬਲਾਕ ਨਵਾਂਸ਼ਹਿਰ ਵਿਚ 0, ਬਲਾਚੌਰ ਵਿਚ 1032, ਮੁਜ਼ੱਫਰਪੁਰ ਵਿਚ 361, ਮੁਕੰਦਪੁਰ ਵਿਚ 0, ਸੁੱਜੋਂ ਵਿਚ 0, ਬੰਗਾ ਵਿਚ 0 ਅਤੇ ਸੜੋਆ ਵਿਚ 0 ਯੋਗ ਵਿਅਕਤੀਆਂ ਨੂੰ ਵੈਕਸੀਨ ਲਗਾਈ ਗਈ। ਇਸ ਮੌਕੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਅਪੀਲ ਕੀਤੀ ਕਿ ਤੀਜੀ ਸੰਭਾਵੀ ਲਹਿਰ ਦੀ ਦਸਤਕ ਤੋਂ ਪਹਿਲਾਂ-ਪਹਿਲਾਂ ਕੋਵਿਡ-ਰੋਕੂ ਟੀਕਾ ਜ਼ਰੂਰ ਲਗਵਾ ਲਿਆ ਜਾਵੇ।
ਕੋਵਿਡ-19 ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਅੱਜ ਕੋਈ ਵੀ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਹੁਣ ਸ਼ਹਿਰ ਵਿੱਚ ਕੁੱਲ 3 ਐਕਟਿਵ ਮਰੀਜ਼ ਰਹਿ ਗਏ ਹਨ ਜਿਨ੍ਹਾਂ ਵਿੱਚੋਂ ਕੇਵਲ 2 ਮਰੀਜ਼ ਕੋਵਿਡ ਕੇਅਰ ਲੈਵਲ-2 ਅਤੇ ਲੈਵਲ-3 ਫੈਸੀਲਿਟੀ ਵਿੱਚ ਦਾਖਲ ਹਨ।
ਡਾ. ਕੌਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 278978 ਵਿਅਕਤੀਆਂ ਸੈਂਪਲਿੰਗ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਹੁਣ ਤੱਕ 11427 ਵਿਅਕਤੀ ਕੋਰੋਨਾ ਪਾਜਟਿਵ ਪਾਏ ਗਏ, ਜਦੋਂਕਿ ਜ਼ਿਲ੍ਹੇ ਵਿਚ 11051 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਜ਼ਿਲ੍ਹੇ ਵਿੱਚ ਕੁੱਲ ਰਿਕਵਰ ਕੀਤੇ ਗਏ ਮਾਮਲਿਆਂ ਦੀ ਰਿਕਵਰੀ ਦੀ ਮੌਜੂਦਾ ਦਰ 96.70 ਫੀਸਦ ਹੋ ਗਈ ਹੈ। ਜ਼ਿਲ੍ਹੇ ਦੀ ਪਾਜਟੀਵਿਟੀ ਦਰ 4.09 ਫੀਸਦੀ ਹੈ, ਜਦੋਂਕਿ ਸੈਂਪਲਿੰਗ ਟੀਮਾਂ ਵੱਲੋਂ ਕੀਤੇ ਗਏ 479 ਸੈਂਪਲਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Spread the love