ਬਟਾਲਾ, 20 ਮਈ,2021 ਪੰਜਾਬ ਸਰਕਾਰ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਹਰਪੁਰਾ ਧੰਦੋਈ ਵਿਖੇ ਬਣਾਇਆ ਜਾਣ ਵਾਲਾ ਬਲਾਕ ਪੱਧਰੀ ਸ. ਹਰਭਜਨ ਸਿੰਘ ਘੁਮਾਣ, ਮੈਮੋਰੀਅਲ ਖੇਡ ਸਟੇਡੀਅਮ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿੱਚ ਸਹਾਈ ਹੋਵੇਗਾ ਅਤੇ ਖੇਡ ਸਟੇਡੀਅਮ ਦੇ ਬਣਨ ਨਾਲ ਇਲਾਕੇ ਵਿੱਚ ਵਧੀਆ ਖਿਡਾਰੀ ਪੈਦਾ ਹੋਣਗੇ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਖੇਡਾਂ ਅਤੇ ਯੁਵਕ ਸੇਵਾਵਾਂ ਬਾਰੇ ਕੈਬਨਿਟ ਮੰਤਰੀ ਸ. ਰਾਣਾ ਗੁਰਮੀਤ ਸਿੰਘ ਸੋਢੀ ਦਾ ਇਸ ਖੇਡ ਸਟੇਡੀਅਮ ਬਣਾਉਣ ਲਈ ਧੰਨਵਾਦ ਕਰਦਿਆਂ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਹਰਪੁਰਾ ਧੰਦੋਈ ਵਿਖੇ ਬਣਨ ਵਾਲੇ ਇਸ ਬਲਾਕ ਪੱਧਰੀ ਖੇਡ ਸਟੇਡੀਅਮ ਦੇ ਨਿਰਮਾਣ ਉੱਪਰ 2.50 ਕਰੋੜ ਰੁਪਏ ਖਰਚ ਕੀਤੇ ਜਾਣਗੇ, ਜਿਸ ਵਿੱਚ 1 ਕਰੋੜ ਰੁਪਏ ਦੀ ਰਾਸ਼ੀ ਦਾ ਯੋਗਦਾਨ ਪ੍ਰਵਾਸੀ ਭਾਰਤੀ ਅਮਰਬੀਰ ਸਿੰਘ ਘੁਮਾਣ ਅਤੇ ਹਰਸ਼ਰਨ ਸਿੰਘ ਵੱਲੋਂ ਪਾਇਆ ਜਾਵੇਗਾ। ਸ. ਲਾਡੀ ਨੇ ਸਟੇਡੀਅਮ ਦੀ ਉਸਾਰੀ ਵਿੱਚ ਯੋਗਦਾਨ ਪਾਉਣ ਵਾਲੇ ਇਨ੍ਹਾਂ ਪ੍ਰਵਾਸੀ ਪੰਜਾਬੀਆਂ ਦਾ ਵੀ ਧੰਨਵਾਦ ਕੀਤਾ ਹੈ।
ਵਿਧਾਇਕ ਲਾਡੀ ਨੇ ਦੱਸਿਆ ਕਿ ਤਕਰੀਬਨ 10 ਏਕੜ ਰਕਬੇ ਵਿੱਚ ਬਣਨ ਵਾਲੇ ਇਸ ਖੇਡ ਸਟੇਡੀਅਮ ਵਿੱਚ ਫੁੱਟਬਾਲ ਗਰਾਊਂਡ, ਖੋ-ਖੋ ਕੋਰਟ, ਬਾਸਕਿਟ ਬਾਲ ਕੋਰਟ, ਵਾਲੀਬਾਲ ਗਰਾਊਂਡ, 400 ਮੀਟਰ ਅਥਲੈਟਿਕਸ ਟਰੈਕ, ਦਰਸ਼ਕਾਂ ਦੇ ਬੈਠਣ ਲਈ ਪਵੇਲੀਅਨ ਬਲਾਕ, ਲੜਕੇ ਤੇ ਲੜਕੀਆਂ ਲਈ ਚੇਂਜਿੰਗ ਰੂਮ ਅਤੇ ਲੜਕੇ-ਲੜਕੀਆਂ ਲਈ ਅਲੱਗ-ਅਲੱਗ ਬਾਥਰੂਮ ਬਣਾਏ ਜਾਣਗੇ। ਉਨਾਂ ਕਿਹਾ ਕਿ ਹਰਪੁਰਾ ਧੰਦੋਈ ਸਟੇਡੀਅਮ ਵਿਖੇ ਇੱਕ ਰੈਸਲਿੰਗ ਵਿੰਗ ਖੋਲਿਆ ਜਾਵੇਗਾ। ਉਨਾਂ ਕਿਹਾ ਕਿ ਹਰਪੁਰਾ ਧੰਦੋਈ ਦੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਖੇਡ ਮੰਤਰੀ ਵੱਲੋਂ ਰੱਖ ਦਿੱਤਾ ਗਿਆ ਅਤੇ ਇਸਦਾ ਨਿਰਮਾਣ ਇਸੇ ਸਾਲ ਨਵੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰਪੁਰਾ ਧੰਦੋਈ ਵਿਖੇ ਖੇਡ ਸਟੇਡੀਅਮ ਨੂੰ ਮਨਜ਼ੂਰੀ ਕੇ ਉਨਾਂ ਨੇ ਇਲਾਕੇ ਦੀ ਵੱਡੀ ਮੰਗ ਨੂੰ ਪੂਰਿਆਂ ਕੀਤਾ ਹੈ। ਉਨਾਂ ਕਿਹਾ ਕਿ ਭਵਿੱਖ ਵਿੱਚ ਇਹ ਖੇਡ ਸਟੇਡੀਅਮ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰੇਗਾ।