21 ਦਿਨਾ ਜ਼ਿਲ੍ਹਾ ਪੱਧਰੀ ਸਕਿੱਲਡ ਬਰਥ ਅਟੈਂਡੈਂਟਸ (ਐਸ.ਬੀ.ਏ) ਟ੍ਰੇਨਿੰਗ ਸ਼ੁਰੂ
ਨਵਾਂਸ਼ਹਿਰ, 01 ਸਤੰਬਰ 2021 ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਜੀ ਦੇ ਦਿਸਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਰਾਕੇਸ਼ ਚੰਦਰ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਅੱਜ ਸਕਿੱਲਡ ਬਰਥ ਅਟੈਂਡੈਂਟਸ (ਐਸ.ਬੀ.ਏ) ਦੀ 21 ਦਿਨਾਂ ਟ੍ਰੇਨਿੰਗ ਦੀ ਸ਼ੁਰੂ ਹੋ ਗਈ ਹੈ, ਜਿਸ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਤੋਂ ਸਟਾਫ ਨਰਸਾਂ ਨੇ ਭਾਗ ਲਿਆ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਰਾਕੇਸ਼ ਚੰਦਰ ਨੇ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਸੁਰੱਖਿਅਤ ਤੇ ਨਾਰਮਲ ਜਣੇਪਾ ਕਰਵਾਉਣ ਲਈ ਹੈਲਥ ਕੇਅਰ ਸਟਾਫ ਨੂੰ ਹੋਰ ਸਮਰੱਥ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਜ਼ਿਆਦਾਤਰ ਜਣੇਪ ਨਾਰਮਲ ਹੁੰਦੇ ਹਨ ਪਰ ਕੁਝ ਕੇਸਾਂ ਵਿਚ ਗੁੰਝਲਤਾਵਾਂ ਦੇਖਣ ਨੂੰ ਮਿਲਦੀਆਂ ਹਨ। ਉਨ੍ਹਾਂ ਦੱਸਿਆ ਕਿ ਅਣਸਿੱਖਿਅਤ ਵਿਅਕਤੀ ਕੋਲੋਂ ਜਣੇਪਾ ਕਰਵਾਉਣ ਨਾਲ ਮਾਂ ਤੇ ਬੱਚੇ ਦੀ ਜਾਨ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ, ਇਸ ਲਈ ਹਰੇਕ ਜਣੇਪੇ ਸਮੇਂ ਇਕ ਸਿੱਖਿਅਤ ਹੈਲਥ ਕੇਅਰ ਵਰਕਰ ਦਾ ਮੌਜੂਦ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਇਕ ਪ੍ਰਭਾਵਸ਼ਾਲੀ ਰੈਫਰਲ ਪ੍ਰਣਾਲੀ ਰਾਹੀਂ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ।
ਇਸ ਮੌਕੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਮਨਦੀਪ ਕਮਲ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿਚ ਏ.ਐੱਨ.ਸੀ. ਜਾਂਚ ਤੇ ਲੇਬਰ ਰੂਮ ਵਿਚ ਨਾਰਮਲ ਡਲਿਵਰੀ ਕਰਵਾਉਣ ਦਾ ਤਰੀਕਾ ਸਿਖਾਇਆ ਜਾਵੇਗਾ। ਨਾਲ ਹੀ ਖੂਨ ਦੀ ਜਾਂਚ, ਪ੍ਰੋਟੀਨ, ਯੂਰੀਆ, ਸ਼ੂਗਰ ਜਾਂਚ ਬਾਰੇ ਵੀ ਬਾਰੀਕੀ ਨਾਲ ਦੱਸਿਆ ਜਾਵੇਗਾ॥
ਇਸ ਟ੍ਰੇਨਿੰਗ ਵਿਚ ਗਾਇਨੀਕੋਲੋਜਿਸਟ ਡਾ. ਮੋਨਿਕਾ ਜੈਨ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਰ ਡਾ ਹਰਪਿੰਦਰ ਸਿੰਘ ਨੇ ਟ੍ਰੇਨਿੰਗ ਵਿਚ ਸ਼ਾਮਲ ਉਮੀਦਵਾਰਾਂ ਨੂੰ ਸੁਰੱਖਿਅਤ ਅਤੇ ਨਾਰਮਲ ਜਣੇਪਾ ਕਰਵਾਉਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।