ਹਰੇਕ ਜਣੇਪੇ ਸਮੇਂ ਇਕ ਸਿੱਖਿਅਤ ਵਿਅਕਤੀ ਦਾ ਮੌਜੂਦ ਹੋਣਾ ਬਹੁਤ ਜ਼ਰੂਰੀ : ਡਾ. ਗੀਤਾਂਜਲੀ ਸਿੰਘ

ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਸੁਰੱਖਿਅਤ ਜਣੇਪੇ ਲਈ ਗਰਭਵਤੀ ਔਰਤਾਂ ਦੀ ਕੀਤੀ ਸਿਹਤ ਜਾਂਚ
ਜਾਡਲਾ, 9 ਸਤੰਬਰ 2021 ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਦੀ ਯੋਗ ਅਗਵਾਈ ਹੇਠ ਮਿੰਨੀ ਪੀ.ਐੱਚ.ਸੀ. ਜਾਡਲਾ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ (ਪੀ.ਐਮ.ਐਸ.ਐਮ.ਏ) ਤਹਿਤ ਅੱਜ ਗਰਭਵਤੀ ਔਰਤਾਂ ਲਈ ਅਤਿ-ਜ਼ਰੂਰੀ ਮੁਫਤ ਏ.ਐਨ.ਸੀ. ਜਾਂਚ ਕੀਤੀ ਗਈ।
ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਇਸੇ ਕੜੀ ਤਹਿਤ ਮਿੰਨੀ ਪੀ.ਐੱਚ.ਸੀ. ਜਾਡਲਾ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ (ਪੀ.ਐਮ.ਐਸ.ਐਮ.ਏ) ਤਹਿਤ ਅੱਜ 30 ਤੋਂ ਵੱਧ ਗਰਭਵਤੀ ਔਰਤਾਂ ਦੀ ਜਾਂਚ ਕਰਨ ਤੋਂ ਬਾਅਦ ਆਇਰਨ ਦੀਆਂ ਗੋਲੀਆਂ ਦੇ ਕੇ ਔਰਤਾਂ ਦੇ ਸੁਰੱਖਿਅਤ ਜਣੇਪੇ ਨੂੰ ਯਕੀਨੀ ਬਣਾਉਣ ਲਈ ਪਹਿਲਕਦਮੀ ਕੀਤੀ ਗਈ।
ਐਸ.ਐਮ.ਓ. ਡਾ. ਗੀਤਾਂਜਲੀ ਸਿੰਘ ਨੇ ਕਿਹਾ ਕਿ ਮਾਵਾਂ ਅਤੇ ਬੱਚਿਆਂ ਦੀ ਮੌਤ ਦਰ ਵਿਚ ਕਮੀ ਲਿਆਉਣ ਵਿਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਅਭਿਆਨ ਦੇਸ਼ ਭਰ ਅੰਦਰ 9 ਜੂਨ 2016 ਨੂੰ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਬਲਾਕ ਦੀਆਂ ਸਮੂਹ ਸਰਕਾਰੀ ਸੰਸਥਾਵਾਂ ਵਿਖੇ ਮਹੀਨੇ ਦੀ ਹਰ 9 ਤਰੀਕ ਨੂੰ ਵਿਸ਼ੇਸ਼ ਤੌਰ ‘ਤੇ ਗਰਭਵਤੀ ਔਰਤਾਂ ਦੇ ਸੁਰੱਖਿਅਤ ਜਣੇਪੇ ਲਈ ਮਾਹਰ ਡਾਕਟਰਾਂ ਵੱਲੋਂ ਜਾਂਚ ਕੀਤੀ ਜਾਂਦੀ ਹੈ। ਸਿਹਤ ਵਿਭਾਗ ਵੱਲੋਂ ਲੋੜਵੰਦ ਅਤੇ ਗਰਭਵਤੀ ਔਰਤਾਂ ਦੀ ਸੁਰੱਖਿਆ ਲਈ ਸ਼ੁਰੂ ਕੀਤੇ ਗਏ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਬਲਾਕ ਦੀਆਂ ਲੋੜਵੰਦ ਗਰਭਵਤੀ ਔਰਤਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਬਲਾਕ ਅੰਦਰ ਹੁਣ ਤੱਕ ਹਜ਼ਾਰਾਂ ਗਰਭਵਤੀ ਔਰਤਾਂ ਵੱਲੋਂ ਲਾਭ ਉਠਾਇਆ ਜਾ ਚੁੱਕਿਆ ਹੈ।
ਡਾ. ਸਿੰਘ ਨੇ ਬਲਾਕ ਦੇ ਲੋੜਵੰਦ ਲੋਕਾਂ ਨੂੰ ਸਰਕਾਰੀ ਹਸਪਤਾਲ ਰਾਹੋਂ, ਮਿੰਨੀ ਪੀ.ਐੱਚ.ਸੀ. ਜਾਡਲਾ ਅਤੇ ਮਿੰਨੀ ਪੀ.ਐੱਚ.ਸੀ. ਭਾਰਟਾ ਖੁਰਦ ਵਿਖੇ ਪਹੁੰਚ ਕੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ। ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਹਿਫਾਜਤ ਅਤੇ ਸਲਾਮਤੀ ਲਈ ਗਰਭਵਤੀ ਔਰਤਾਂ ਨੂੰ ਜਾਗਰੂਕ ਕਰਦੇ ਡਾ. ਗੀਤਾਂਜਲੀ ਸਿੰਘ ਨੇ ਕਿਹਾ ਕਿ ਕਦੇ ਵੀ ਗੈਰ-ਸਿਖਿੱਅਤ ਵਿਅਕਤੀ ਤੋਂ ਜਣੇਪਾ ਨਹੀਂ ਕਰਾਉਣਾ ਚਾਹੀਦਾ, ਕਿਉਂਕਿ ਅਜਿਹਾ ਕਰਨ ਨਾਲ ਔਰਤ ਅਤੇ ਬੱਚੇ ਦੋਵਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਹਰੇਕ ਜਣੇਪੇ ਸਮੇਂ ਇਕ ਸਿੱਖਿਅਤ ਹੈਲਥ ਕੇਅਰ ਵਰਕਰ ਦਾ ਮੌਜੂਦ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਇਕ ਪ੍ਰਭਾਵਸ਼ਾਲੀ ਰੈਫਰਲ ਪ੍ਰਣਾਲੀ ਰਾਹੀਂ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਦੇ ਸੁਰੱਖਿਅਤ ਜਣੇਪੇ ਲਈ ਸਰਕਾਰੀ ਹਸਪਤਾਲਾਂ ਵਿਚ ਮਾਹਰ ਡਾਕਟਰਾਂ ਕੋਲੋਂ ਸਿਹਤ ਜਾਂਚ ਕਰਵਾਉਣੀ ਯਕੀਨੀ ਬਣਾਈ ਜਾਵੇ।
ਇਸ ਮੌਕੇ ਡਾ. ਸੋਨੀਆ ਨੇ ਅਨੇਕਾਂ ਗਰਭਵਤੀ ਔਰਤਾਂ ਦੀ ਜਣੇਪੇ ਤੋਂ ਪਹਿਲਾਂ ਜ਼ਰੂਰੀ ਜਾਂਚ ਕਰਨ ਦੇ ਨਾਲ-ਨਾਲ ਕੌਂਸਲਿੰਗ ਕੀਤੀ ਅਤੇ ਲੋੜ ਅਨੁਸਾਰ ਮੁਫ਼ਤ ਟੈੱਸਟ ਵੀ ਕਰਵਾਏ। ਉਨ੍ਹਾਂ ਨੇ ਦੱਸਿਆ ਕਿ ਇਸ ਅਭਿਆਨ ਦੇ ਤਹਿਤ ਗਰਭਵਤੀ ਔਰਤਾਂ ਦੀ 3 ਮਹੀਨੇ ਤੋਂ 6 ਮਹੀਨੇ ਦੀ ਗਰਭ ਅਵਸਥਾ ਦੌਰਾਨ ਸਾਰੇ ਸਰਕਾਰੀ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਵਿਚ ਮੁਫ਼ਤ ਜਾਂਚ ਕੀਤੀ ਜਾਂਦੀ ਹੈ ਅਤੇ ਗਰਭਵਤੀ ਔਰਤਾਂ ਦੇ ਖ਼ੂਨ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਆਦਿ ਸਾਰੇ ਟੈੱਸਟ ਮੁਫ਼ਤ ਕੀਤੇ ਜਾਂਦੇ ਹਨ ਅਤੇ ਲੋੜ ਅਨੁਸਾਰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਗਰਭਵਤੀ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਐੱਲ.ਐੱਚ.ਵੀ ਕੁਲਵੰਤ ਕੌਰ, ਏ.ਐੱਨ.ਐੱਮ ਸੁਮਨ ਸ਼ਰਮਾ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਸਿਹਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

Spread the love