‘ਸਖੀ ਵਨ ਸਟਾਪ ਸੈਂਟਰ’ ਦੀ ਕੀਤੀ ਅਚਨਚੇਤ ਚੈਕਿੰਗ
ਨਵਾਂਸ਼ਹਿਰ, 21 ਜੁਲਾਈ 2021
ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਇਨਸਾਫ਼ ਦੇਣ ਲਈ ‘ਸਖੀ ਵਨ ਸਟਾਪ ਸੈਂਟਰ’ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕਾਨੂੰਨੀ ਸਹਾਇਤਾ ਅਤੇ ਸਲਾਹ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ। ਇਹ ਜਾਣਕਾਰੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਹਰਪ੍ਰੀਤ ਕੌਰ ਵੱਲੋਂ ਜ਼ਿਲਾ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਚੱਲ ਰਹੇ ‘ਸਖੀ ਵਨ ਸਟਾਪ ਸੈਂਟਰ’ ਦੀ ਅਚਨਚੇਤ ਚੈਕਿੰਗ ਦੌਰਾਨ ਸਾਂਝੀ ਕੀਤੀ। ਉਨਾਂ ਦੱਸਿਆ ਕਿ ਜ਼ਿਲਾ ਕਾਨੂੰਨੀ ਸੇਵਾ ਅਥਾਰਟੀ ਵੱਲੋਂ ਹਿੰਸਾ ਪੀੜਤ ਔਰਤਾਂ ਨੂੰ ਅਦਾਲਤ ਵਿਚ ਕੇਸ ਲੜਨ ਲਈ ਵਕੀਲ ਦੀਆਂ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨਾਂ ਹਦਾਇਤ ਕੀਤੀ ਕਿ ‘ਸਖੀ ਵਨ ਸਟਾਪ ਸੈਂਟਰ’ ਵੱਲੋਂ ਹਿੰਸਾ ਪੀੜਤ ਔਰਤਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਪਿੰਡ ਅਤੇ ਮੁਹੱਲਾ ਪੱਧਰ ’ਤੇ ਜਾਗਰੂਕਤਾ ਕੈਂਪ ਲਗਾਏ ਜਾਣ। ਉਨਾਂ ਕਿਹਾ ਕਿ ਜੇਕਰ ਲੋਕਾਂ ਵਿਚ ਇਸ ਪ੍ਰਤੀ ਜਾਗਰੂਕਤਾ ਹੋਵੇਗੀ ਤਾਂ ਹੀ ਲੋੜ ਪੈਣ ’ਤੇ ਜ਼ਰੂਰਤਮੰਦ ਮਹਿਲਾਵਾਂ ਇਸ ਸੈਂਟਰ ਦਾ ਲਾਭ ਲੈ ਸਕਣਗੀਆਂ। ਉਨਾਂ ਕਿਹਾ ਕਿ ਜਿਥੇ ਇਸ ਸੈਂਟਰ ਵੱਲੋਂ ਹਿੰਸਾ ਪੀੜਤ ਔਰਤਾਂ ਨੂੰ ਇਕ ਛੱਤ ਥੱਲੇ ਔਖੇ ਸਮੇਂ ਮਦਦ, ਡਾਕਟਰੀ ਸਹਾਇਤਾ, ਕਾਊਂਸਲਿੰਗ ਆਦਿ ਸੁਵਿਧਾਵਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਉਥੇ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਸ ਸੈਂਟਰ ਵਿਚ ਲੀਗਲ ਏਡ ਕਲੀਨਿਕ ਵੀ ਸਥਾਪਿਤ ਕੀਤਾ ਗਿਆ ਹੈ, ਤਾਂ ਜੋ ਜ਼ਰੂਰਤਮੰਦ ਮਹਿਲਾਵਾਂ ਨੂੰ ਅਦਾਲਤ ਵਿਚ ਕੇਸ ਲੜਨ ਲਈ ਵਕੀਲ ਦੀਆਂ ਕਾਨੂੰਨੀ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਸਕਣ।
ਕੈਪਸ਼ਨ :‘ਸਖੀ ਵਨ ਸਟਾਪ ਸੈਂਟਰ’ ਦੀ ਚੈਕਿੰਗ ਦੌਰਾਨ ਕੇਸਾਂ ਦੀ ਸਮੀਖਿਆ ਕਰਦੇ ਹੋਏ ਸੀ. ਜੇ. ਐਮ ਹਰਪ੍ਰੀਤ ਕੌਰ।
Home ਪੰਜਾਬ ਐਸ.ਬੀ.ਐੱਸ ਨਗਰ ਹਿੰਸਾ ਪ੍ਰਭਾਵਿਤ ਔਰਤਾਂ ਨੂੰ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ ਕਾਨੂੰਨੀ ਸਹਾਇਤਾ-ਸੀ. ਜੇ....