ਤੀਜੇ ਪੜਾਅ ਵਿਚ ਕੇਵਲ 18-44 ਸਾਲ ਉਮਰ ਵਰਗ ਦੇ ਉਸਾਰੀ ਕਾਮਿਆਂ, ਮਜ਼ਦੂਰਾਂ ਤੇ ਉਨ੍ਹਾਂ ਦੇ ਟੱਬਰ, ਨਿਰਧਾਰਿਤ ਸਹਿ ਰੋਗਾਂ ਤੋਂ ਪੀੜਤਾਂ ਤੇ ਸਿਹਤ ਸੰਭਾਲ ਕਾਮਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਲਗਾਈ ਜਾ ਰਹੀ ਹੈ ਵੈਕਸੀਨ
– ਓ.ਪੀ.ਡੀ. ਸਲਿੱਪ ਦਿਖਾ ਕੇ ਲਗਵਾਇਆ ਜਾ ਸਕਦੈ ਟੀਕਾ
ਨਵਾਂਸ਼ਹਿਰ, 20 ਮਈ 2021 : ਸਿਹਤ ਵਿਭਾਗ ਨੇ ਕੋਵਿਡ ਰੋਕੂ ਟੀਕਾਕਰਨ ਮੁਹਿੰਮ ਤਹਿਤ ਕਵਰ ਕੀਤੇ ਜਾ ਰਹੇ ਵੱਖ-ਵੱਖ ਉਮਰ ਵਰਗਾਂ ਦੇ ਯੋਗ ਵਿਅਕਤੀਆਂ ਸਬੰਧੀ ਪਾਏ ਜਾ ਰਹੇ ਭਰਮ-ਭੁਲੇਖਿਆ ਅਤੇ ਭੰਬਲਭੂਸੇ ਨੂੰ ਦੂਰ ਕਰਨ ਲਈ ਆਮ ਲੋਕਾਂ ਨੂੰ ਜਾਗਰੂਕਤਾ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ।
ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਨੇ ਅੱਜ ਇੱਥੇ ਉਸਮਾਨਪੁਰ ਟੀਕਾਕਰਨ ਦੇ ਕੰਮਕਾਜ ਦੀ ਸਮੀਖਿਆ ਕਰਦੇ ਹੋਏ ਦੱਸਿਆ ਕਿ ਇਸ ਸਬੰਧ ਵਿਚ ਜ਼ਮੀਨੀ ਪੱਧਰ ਉੱਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਫੀਲਡ ਸਟਾਫ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ ਹਾਲ ਹੀ ਵਿਚ ਕੋਵਿਡ ਰੋਕੂ ਵੈਕਸੀਨ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਕੋੋਰਨਾ ਸੰਕ੍ਰਮਿਤ ਵਿਅਕਤੀ ਦੇ ਸਿਹਤਯਾਬ ਹੋਣ ਤੋਂ ਤਿੰਨ ਮਹੀਨੇ ਬਾਅਦ ਵੈਕਸੀਨ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੇ ਕੋਵਿਡ ਰੋਕੂ ਵੈਕਸੀਨ ਦੀ ਪਹਿਲੀ ਖੁਰਾਕ ਲੈ ਲਈ ਹੈ ਅਤੇ ਇਸ ਉਪਰੰਤ ਉਹ ਕੋਵਿਡ ਸੰਕ੍ਰਮਿਤ ਹੋ ਗਿਆ ਤਾਂ ਉਸ ਨੂੰ ਵੀ ਦੂਜੀ ਖੁਰਾਕ ਸਿਹਤਯਾਬ ਹੋਣ ਤੋਂ ਤਿੰਨ ਮਹੀਨੇ ਬਾਅਦ ਦਿੱਤੀ ਜਾਵੇਗੀ। ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਵੀ ਵੈਕਸੀਨ ਦੀ ਸਿਫਾਰਿਸ਼ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਕਿਸੇ ਗੰਭੀਰ ਬਿਮਾਰੀ ਕਾਰਨ ਹਸਪਤਾਲ ਵਿਚ ਦਾਖਲ ਹੋਇਆ ਹੋਵੇ ਤਾਂ ਉਸ ਨੂੰ ਵੈਕਸੀਨੇਸ਼ਨ ਲਈ 4-8 ਹਫਤਿਆਂ ਦੀ ਉਡੀਕ ਕਰਨੀ ਪਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਕੋਵੀਸ਼ੀਲਡ ਦੀਆਂ ਦੋ ਖੁਰਾਕਾਂ ਵਿਚਾਲੇ 12-16 ਹਫਤੇ ਦਾ ਫਰਕ ਰੱਖਣ ਲਈ ਕਿਹਾ ਗਿਆ ਹੈ। ਪਹਿਲਾਂ ਇਹ ਫਰਕ 6-8 ਹਫਤੇ ਦਾ ਸੀ।ਇਕ ਨਵੀਂ ਖੋਜ ਮੁਤਾਬਿਕ ਜੇਕਰ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਵਿਚ ਫਰਕ ਨੂੰ ਵਧਾ ਕੇ 12-16 ਕਰ ਦਿੱਤਾ ਜਾਵੇ ਤਾਂ ਇਸ ਮਹਾਂਮਾਰੀ ਨਾਲ ਹੋਣ ਵਾਲੀਆਂ ਮੌਤਾਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਕੋਵੀਸ਼ੀਲਡ ਦੀ ਪਹਿਲੀ ਖੁਰਾਕ ਲੈ ਲਈ ਹੈ, ਹੁਣ ਉਨ੍ਹਾਂ ਨੂੰ ਦੂਜੀ ਖੁਰਾਕ 12-16 ਹਫਤੇ ਦੇ ਫਰਕ ਨਾਲ ਲਗਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਕੋ-ਵੈਕਸੀਨ ਟੀਕੇ ਸਬੰਧੀ ਦਿਸ਼ਾ-ਨਿਰਦੇਸ਼ਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਕੋ-ਵੈਕਸੀਨ ਦੀ ਦੂਜੀ ਖੁਰਾਕ ਪਹਿਲਾਂ ਦੀ ਤਰ੍ਹਾਂ ਹੀ 4-6 ਹਫਤੇ ਦੇ ਫਰਕ ਨਾਲ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਕੇਵਲ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਕੋ-ਵੈਕਸੀਨ ਦੀ ਦੂਜੀ ਖੁਰਾਕ ਲਗਾਈ ਜਾ ਰਹੀ ਹੈ।
ਕੋਵਿਡ ਰੋਕੂ ਟੀਕਾਕਰਨ ਮੁਹਿੰਮ ਤਹਿਤ ਮੌਜੂਦਾ ਸਮੇਂ ਵਿਚ ਕਵਰ ਕੀਤੇ ਜਾ ਰਹੇ ਵੱਖ-ਵੱਖ ਉਮਰ ਵਰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਸਿੰਘ ਨੇ ਦੱਸਿਆ ਕਿ ਕੋਵਿਡ ਰੋਕੂ ਟੀਕਾਕਰਨ ਦੇ ਤੀਜੇ ਪੜਾਅ ਵਿਚ 18-44 ਸਾਲ ਉਮਰ ਵਰਗ ਦੇ ਉਸਾਰੀ ਕਾਮਿਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਨਿਰਧਾਰਿਤ ਸਹਿ ਰੋਗਾਂ ਤੋਂ ਪੀੜਤ ਵਿਅਕਤੀਆਂਅਤੇ ਸਿਹਤ ਸੰਭਾਲ ਕਾਮਿਆਂ ਦੇ ਪਰਿਵਾਰਕ ਜੀਆਂ ਨੂੰ ਵੈਕਸੀਨ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 45-59 ਸਾਲ ਉਮਰ ਵਰਗ ਦੇ ਵਿਅਕਤੀਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਸਾਰੇ ਸੀਨੀਅਰ ਸਿਟੀਜਨਾਂ ਨੂੰ ਟੀਕੇ ਲਗਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਹਿ ਰੋਗਾਂ ਤੋਂ ਪੀੜਤ ਵਿਅਕਤੀਆਂ ਆਪਣੀ ਨਵੀਂ ਜਾਂ ਪੁਰਾਣੀ ਓ.ਪੀ.ਡੀ. ਸਲਿੱਪ ਦਿਖਾ ਕੇ ਆਪਣਾ ਟੀਕਾਕਰਨ ਕਰਵ ਸਕਦੇ ਹਨ। ਇਨ੍ਹਾਂ ਵਰਗਾਂ ਤੋਂ ਇਲਾਵਾ ਫਿਲਹਾਲ ਹੋਰ ਕਿਸੇ ਵੀ ਵਰਗ ਨੂੰ ਟੀਕਾਕਰਨ ਦੇ ਘੇਰੇ ਵਿਚ ਨਹੀਂ ਲਿਆਂਦਾ ਗਿਆ ਹੈ। ਉਨ੍ਹਾਂ ਆਮ ਲੋਕਾਂ ਨੂੰ ਸਿਹਤ ਵਿਭਾਗ ਨਾਲ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਹਾਲ ਦੀ ਘੜੀ ਉਪਰੋਕਤ ਵਰਗਾਂ ਤੋਂ ਇਲਾਵਾ ਹੋਰ ਕਿਸੇ ਵੀ ਵਰਗ ਦੇ ਵਿਅਕਤੀਆਂ ਦੇ ਟੀਕੇ ਨਹੀਂ ਲਗਾਏ ਜਾ ਰਹੇ ਹਨ।
ਉਨ੍ਹਾਂ ਟੀਕਾਕਰਨ ਕੇਂਦਰਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਾਕ ਵਿਚ ਕੁੱਲ 5 ਟੀਕਾਕਰਨ ਕੇਂਦਰ ਕਾਰਜਸ਼ੀਲ ਹਨ, ਜਿੱਥੇ 45-59 ਸਾਲ ਉਮਰ ਵਰਗ ਦੇ ਵਿਅਕਤੀਆਂ ਤੇ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜਨਾਂ ਦੇ ਵੈਕਸੀਨ ਲਗਾਈ ਜਾ ਰਹੀ ਹੈ। 18 ਤੋਂ 44 ਸਾਲ ਉਮਰ ਵਰਗ ਦੇ ਉਸਾਰੀ ਕਾਮਿਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, 18 ਸਾਲ ਤੋਂ 44 ਸਾਲ ਉਮਰ ਵਰਗ ਦੇ ਸਹਿ ਰੋਗਾਂ ਤੋਂ ਪੀੜਤ ਵਿਅਕਤੀਆਂ ਤੇ ਸਿਹਤ ਸੰਭਾਲ ਕਾਮਿਆਂ ਦੇ ਪਰਿਵਾਰਕ ਜੀਆਂ ਦਾ ਟੀਕਾਕਰਨ ਹਾਲ ਦੀ ਘੜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਸਮਾਨਪੁਰ ਵਿਖੇ ਕੀਤਾ ਜਾ ਰਿਹਾ ਹੈ।