ਜ਼ਿਲ੍ਹੇ ਦੇ ਲੋਕਾਂ ਲਈ ਵਿਸ਼ੇਸ਼ ਕੈਂਪ ਲਗਾ ਕੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਕੀਤਾ ਜਾ ਰਿਹਾ ਹੈ ਕੋਵਿਡ ਟੀਕਾਕਰਨ
ਤਰਨ ਤਾਰਨ, 14 ਜੁਲਾਈ 2021
ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਾ. ਰੋਹਿਤ ਮਹਿਤਾ ਸਿਵਲ ਸਰਜਨ ਤਰਨ ਤਾਰਨ ਦੀ ਦੇਖ-ਰੇਖ ਵਿੱਚ ਜ਼ਿਲ੍ਹੇ ਅੰਦਰ ਕੋਵਿਡ ਟੀਕਾਕਰਨ ਮੁਹਿੰਮ ਸੁਚੱਜੇ ਤਰੀਕੇ ਨਾਲ ਚੱਲ ਰਹੀ ਹੈ ।
ਕੋਵਿਡ ਟੀਕਾਕਰਨ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਦੱਸਿਆ ਹੁਣ ਜ਼ਿਲ੍ਹਾ ਤਰਨ ਤਾਰਨ ਦੇ ਲੋਕ ਕੋਰੋਨਾ ਟੀਕਾਕਰਨ ਵਿੱਚ ਬਹੁਤ ਦਿਲਚਸਪੀ ਦਿਖਾ ਰਹੇ ਹਨ ਅਤੇ ਕੈਪਾਂ ਵਿੱਚ ਆਪਣੇ-ਆਪ ਕੋਵਿਡ ਟੀਕਾਕਰਨ ਕਰਵਾਉਣ ਲਈ ਪਹੁੰਚ ਰਹੇ ਹਨ।
ਉਨ੍ਹਾਂ ਕਿਹਾ ਕਿ ਦੁੱਧ ਪਿਲਾਉਂਦੀਆਂ ਮਾਵਾਂ ਨੂੰ ਪਹਿਲਾ ਹੀ ਕੋਵਿਡ ਵੈਕਸੀਨ ਲਗਾਈ ਜਾ ਰਹੀ ਹੈ, ਪ੍ਰੰਤੂ ਸਰਕਾਰ ਨੇ ਹੁਣ ਪ੍ਰੀਖਣਾਂ ਤੋਂ ਬਾਅਦ ਗਰਭਵਤੀ ਔਰਤਾਂ ਦਾ ਵੀ ਕੋਵਿਡ ਟੀਕਾਕਰਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਕਿਉਂਕਿ ਗਰਭਵਤੀ ਮਾਂ ਜੇਕਰ ਕੋਰੋਨਾ ਪਾਜ਼ੀਟਿਵ ਹੋ ਜਾਂਦੀ ਹੈ ਤਾਂ ਉਹ ਹਾਈ ਰਿਸਕ ਵਿੱਚ ਆਂ ਜਾਂਦੀ ਹੈ ਅਤੇ ਕਮਜ਼ੋਰ ਹੋ ਜਾਂਦੀ ਹੈ, ਜਿਸ ਕਰਕੇ ਮਾਂ ਅਤੇ ਬੱਚੇ ਦੋਨਾਂ ਨੂੰ ਰਿਸਕ ਹੋ ਜਾਂਦਾ ਹੈ ।
ਉਨ੍ਹਾਂ ਗਰਭਵਤੀ ਮਾਵਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਗਰਭਵਤੀ ਮਾਵਾਂ ਨੂੰ ਗਰਭ ਦੇ ਕਿਸੇ ਵੀ ਸਮੇਂ ਨੇੜੇ ਦੇ ਸਿਹਤ ਕੇਂਦਰ ਤੋਂ ਕੋਵਿਡ ਟੀਕਾਕਰਨ ਜ਼ਰੂਰ ਕਰਵਾਉਣ। ਇਹ ਟੀਕਾ ਗਰਭ ਠਹਿਰਣ ਤੋਂ ਲੈ ਕੇ 9 ਮਹੀਨੇ ਵਿੱਚ ਕਿਸੇ ਵੀ ਸਮੇਂ ਲਗਾਇਆ ਜਾ ਸਕਦਾ ਹੈ ।
ਉਹਨਾਂ ਕਿਹਾ ਕਿ ਜ਼ਿਲ੍ਹੇ ਅੰਦਰ ਕੋਵਿਡ ਵੈਕਸੀਨ ਦੀ ਕੋਈ ਕਮੀ ਨਹੀਂ ਹੈ। ਜ਼ਿਲ੍ਹੇ ਦੇ ਲੋਕਾਂ ਲਈ ਵਿਸ਼ੇਸ਼ ਕੈਂਪ ਲਗਾ ਕੇ ਸ਼ਹਿਰਾਂ ਵਿੱਚ ਅਤੇ ਹਰੇਕ ਪਿੰਡ ਵਿੱਚ ਕੋਵਿਡ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਟੀਕਾਕਰਨ ਨੂੰ ਲੈ ਕੇ ਲੋਕਾਂ ਦੇ ਦਿਲਾਂ ਵਿੱਚ ਕੁੱਝ ਸਵਾਲ ਸਨ, ਜਿਨ੍ਹਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਕੋਰੋਨਾ ਪਾਜ਼ੀਟਿਵ ਵਿਅਕਤੀ ਨੂੰ ਠੀਕ ਹੋਣ ਤੋਂ 03 ਮਹੀਨੇ ਬਾਅਦ ਕੋਰੋਨਾ ਟੀਕਾਕਰਨ ਦੀ ਪਹਿਲੀ ਜਾਂ ਦੂਜੀ ਖ਼ੁਰਾਕ ਲਗਾਈ ਜਾ ਸਕਦੀ ਹੈ । ਜੇਕਰ ਕੋਈ ਵਿਅਕਤੀ ਗੰਭੀਰ ਬਿਮਾਰੀ ਨਾਲ ਹਸਪਤਾਲ ਵਿੱਚ ਦਾਖਲ ਹੋਵੇ ਤਾਂ ਉਹ ਠੀਕ ਹੋਣ ‘ਤੇ 4 ਤੋਂ 8 ਹਫ਼ਤੇ ਬਾਅਦ ਹੀ ਕੋਰੋਨਾ ਦੀ ਵੈਕਸੀਨੇਸ਼ਨ ਕਰਵਾਉਣ ਅਤੇ ਕੋਰੋਨਾ ਟੀਕਾਕਰਨ ਦੇ 14 ਦਿਨਾਂ ਬਾਅਦ ਖ਼ੂਨ ਦਾਨ ਕਰ ਸਕਦੇ ਹਨ ।
ਉਹਨਾਂ ਕਿਹਾ ਕਿ ਕੋਰੋਨਾ ਵੈਕਸੀਨੇਸ਼ਨ ਕਰਵਾਉਣ ਲਈ ਕਿਸੇ ਵੀ ਤਰ੍ਹਾਂ ਦੇ ਕੋਰੋਨਾ ਟੈੱਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੈ । ਉਨ੍ਹਾਂ ਜ਼ਿਲ੍ਹਾ ਤਰਨ ਤਾਰਨ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ 18 ਸਾਲ ਤੋਂ ਉੱਪਰ ਸਾਰੇ ਲੋਕ, ਜਿੰਨ੍ਹਾਂ ਨੇ ਅਜੇ ਟੀਕਾਕਰਨ ਨਹੀਂ ਕਰਵਾਇਆ ਉਹ ਨੇੜੇ ਦੇ ਟੀਕਾਕਰਨ ਕੈਂਪ ਵਿੱਚ ਜਾ ਕੇ ਆਪਣਾ ਟੀਕਾਕਰਨ ਜ਼ਰੂਰ ਕਰਵਾਉਣ ।