ਹੈਪੇਟਾਈਟਸ ਬਾਰੇ ਜਾਗਰੂਕਤਾ ਫੈਲਾਉਣ ਨਾਲ ਬਚਾਈਆਂ ਜਾ ਸਕਦੀਆਂ ਹਨ ਕੀਮਤੀ ਜਾਨਾਂ : ਡਾ ਗੀਤਾਂਜਲੀ ਸਿੰਘ

ਹੈਪੇਟਾਈਟਸ ਇੰਤਜ਼ਾਰ ਨਹੀਂ ਕਰ ਸਕਦਾ’ ਥੀਮ ਨਾਲ ਮਨਾਇਆ ਗਿਆ ਵਿਸ਼ਵ ਹੈਪੇਟਾਈਟਸ ਦਿਵਸ
ਨਵਾਂਸ਼ਹਿਰ, 28 ਜੁਲਾਈ 2021 ਮਾਣਯੋਗ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਦੀ ਯੋਗ ਅਗਵਾਈ ਹੇਠ ਸਿਹਤ ਬਲਾਕ ਮੁਜ਼ੱਫਰਪੁਰ ਅਧੀਨ ਪੈਂਦੇ ਕਮਿਊਨਿਟੀ ਸਿਹਤ ਕੇਂਦਰ ਰਾਹੋਂ ਵਿਖੇ ਅੱਜ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਇਸ ਸਾਲ ਦੇ ਵਿਸ਼ਵ ਹੈਪੇਟਾਈਟਸ ਦਿਵਸ ਦਾ ਵਿਸ਼ਾ, ‘ਹੈਪੇਟਾਈਟਸ ਇੰਤਜ਼ਾਰ ਨਹੀਂ ਕਰ ਸਕਦਾ’, 2030 ਤੱਕ ਹੈਪੇਟਾਈਟਸ ਨੂੰ ਜਨਤਕ ਸਿਹਤ ਲਈ ਖਤਰੇ ਵਜੋਂ ਖਤਮ ਕਰਨ ਲਈ ਲੋੜੀਂਦੀਆਂ ਕੋਸ਼ਿਸ਼ਾਂ ਦੀ ਜ਼ਰੂਰਤ ਨੂੰ ਜ਼ਾਹਰ ਕਰਦਾ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਨੇ ਆਪਣੇ ਸੰਦੇਸ਼ ਵਿਚ ਹੈਪੇਟਾਈਟਸ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਤਵੱਚਾ ਤੇ ਅੱਖਾਂ ਪੀਲੀਆਂ, ਹਲਕਾ ਬੁਖਾਰ, ਮਾਸਪੇਸ਼ੀਆਂ ਵਿਚ ਦਰਦ, ਉਲਟੀਆਂ, ਪਿਸ਼ਾਬ ਦਾ ਰੰਗ ਗੂੜਾ ਅਤੇ ਪੀਲਾ ਹੋ ਜਾਂਦਾ ਹੈ। ੳੇਨ੍ਹਾਂ ਕਿਹਾ ਕਿ ਆਓ, ਇਸ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਅਸੀਂ ਸਾਰੇ ਇਕੱਠੇ ਹੋਈਏ ਅਤੇ ਸਮਾਜ ਨੂੰ ਹੈਪੇਟਾਈਟਸ ਦੇ ਕਾਰਨਾਂ ਅਤੇ ਨਤੀਜਿਆਂ ਬਾਰੇ ਸੁਚੇਤ ਕਰੀਏ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਜਿਗਰ ਦੀ ਇਕ ਬਿਮਾਰੀ ਹੈ, ਜੋ ਕਿ ਵਾਇਰਸ ਕਰਕੇ ਫੈਲਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਸਾਬਿਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਦੁਨੀਆ ਵਿਚ ਹਰ ਸਾਲ ਇਹ ਬਿਮਾਰੀ ਅੰਦਾਜ਼ਨ 14 ਲੱਖ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਹੈ ਅਤੇ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਨਾਲ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।
ਡਾ. ਸਿੰਘ ਨੇ ਦੱਸਿਆ ਕਿ ਹੈਪੇਟਾਈਟਸ ਏ ਅਤੇ ਈ ਦੂਸ਼ਿਤ ਪਾਣੀ ਪੀਣ, ਗਲੇ ਫਲ ਖਾਣ ਜਾਂ ਬਿਨਾਂ ਹੱਥ ਧੋਤੇ ਖਾਣ ਨਾਲ ਫੈਲਦੀ ਹੈ। ਹੈਪੇਟਾਈਟਸ ਬੀ, ਸੀ ਤੇ ਡੀ, ਜਿਸ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਨਸ਼ਿਆਂ ਲਈ ਸਾਂਝੇ ਟੀਕੇ ਵਰਤਣ, ਦੂਸ਼ਿਤ ਸਰਿੰਜਾਂ ਦੇ ਇਸਤੇਮਾਲ ਕਰਨ, ਦੂਸ਼ਿਤ ਖੂਨ ਚੜਾਉਣ, ਟੁੱਥ ਬੁਰਸ਼ ਅਤੇ ਰੇਜ਼ਰ ਆਪਸ ਵਿਚ ਸਾਂਝੇ ਕਰਨ, ਗ੍ਰਸਤ ਵਿਅਕਤੀ ਨਾਲ ਜਿਸਮਾਨੀ ਸਬੰਧ ਬਣਾਉਣ, ਲੰਮੇ ਸਮੇਂ ਤੱਕ ਗੁਰਦਿਆਂ ਦਾ ਡਾਇਲਾਸਿਸ ਹੋਣ, ਗ੍ਰਸਤ ਮਾਂ ਤੋਂ ਨਵਜੰਮੇ ਬੱਚੇ ਤੇ ਸਰੀਰ ‘ਤੇ ਟੈਟੂ ਬਣਾਉਣ ਨਾਲ ਫੈਲਦਾ ਹੈ। ਕਾਲੇ ਪੀਲੀਏ ਕਾਰਨ ਜਿਗਰ ਖਰਾਬ ਹੋ ਜਾਂਦਾ ਹੈ ਤੇ ਕਈ ਵਾਰ ਜਿਗਰ ਦਾ ਕੈਂਸਰ ਵੀ ਹੋ ਜਾਂਦਾ ਹੈ ।
ਉਨ੍ਹਾਂ ਅੱਗੇ ਦੱਸਿਆ ਕਿ ਹੈਪੇਟਾਈਟਸ ਤੋਂ ਬਚਾਅ ਲਈ ਪੀਣ ਵਾਲਾ ਪਾਣੀ ਸਾਫ-ਸੁਥਰੇ ਸੋਮਿਆਂ ਤੋਂ ਲੈਣਾ, ਗਲੇ-ਸੜੇ ਤੇ ਜ਼ਿਆਦਾ ਪੱਕੇ ਹੋਏ ਫਲ ਖਾਣ ਤੋਂ ਪ੍ਰਹੇਜ, ਖਾਣਾ-ਖਾਣ ਤੋਂ ਪਹਿਲਾਂ ਹੱਥ ਧੋਣੇ ਲਾਜ਼ਮੀ ਤੇ ਪਖਾਨਿਆਂ ਲਈ ਖੁੱਲੇ ਮੈਦਾਨ ਵਿਚ ਪਖਾਨਾ ਜਾਣ ਦੀ ਥਾਂ ਪਖਾਨਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਬਿਮਾਰੀ ਤੋਂ ਬਚਾਅ ਲਈ ਸੁਰੱਖਿਅਤ ਜੀਵਨ ਜਾਂਚ ਸਮੇਤ ਸਮੇਂ-ਸਮੇਂ ਤੇ ਡਾਕਟਰੀ ਜਾਂਚ ਕਰਵਾਉਂਦੇ ਰਹਿਣਾ ਜ਼ਰੂਰੀ ਹੈ।
ਇਸ ਮੌਕੇ ਡਾ ਗੁਰਪਿੰਦਰ ਕੌਰ, ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ, ਸਟਾਫ ਨਰਸ ਊਸ਼ਾ ਰਾਣੀ ਅਤੇ ਏ.ਐਨ.ਐੱਮ. ਹਰਜਿੰਦਰ ਕੌਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Spread the love