ਹੋਰਨਾਂ ਕਿਸਾਨਾਂ ਲਈ ਮਿਸਾਲ ਬਣੇ ਫਤਿਹਗੜ ਛੰਨਾ ਦੇ ਕਿਸਾਨ

ਪਿੰਡ ਦਾ 60 ਫੀਸਦੀ ਤੋਂ ਵੱਧ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ
ਜ਼ਿਲਾ ਬਰਨਾਲਾ ਵਿੱਚ 63,400 ਹੈਕਟੇਅਰ ਰਕਬੇ ਵਿਚ ਸਿੱਧੀ ਬਿਜਾਈ ਦਾ ਅਨੁਮਾਨ
ਤਪਾ/ਬਰਨਾਲਾ, 3 ਜੂਨ 2021
ਜ਼ਿਲਾ ਬਰਨਾਲਾ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਦੇ ਹਾਂ-ਪੱਖੀ ਸਿੱਟੇ ਸਾਹਮਣੇ ਆ ਰਹੇ ਹਨ। ਕਿਸਾਨ ਰਵਾਂਿੲਤੀ ਪ੍ਰਣਾਲੀ ਨੂੰ ਛੱਡ ਕੇ ਸਿੱੱਧੀ ਬਿਜਾਈ ਅਪਣਾ ਰਹੇ ਹਨ, ਜਿਸ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਖਰਚੇ ਵੀ ਘਟਦੇ ਹਨ ਅਤੇ ਝਾੜ ਵੀ ਵੱਧ ਮਿਲਦਾ ਹੈ।
ਜ਼ਿਲਾ ਬਰਨਾਲਾ ਦੇ ਪਿੰਡ ਫਤਿਹਗੜ ਛੰਨਾ ਦੇ ਕਿਸਾਨ ਕਰਨੈਲ ਸਿੰਘ ਨੇ ਦੱਸਿਆ ਕਿ ਉਨਾਂ ਨੇ ਪਿਛਲੇ ਸਾਲ ਵੀ ਕਰੋਨਾ ਕਾਲ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕੀਤੀ ਤੇ ਫਸਲ ਦਾ ਝਾੜ 35 ਤੋਂ 36 ਕੁਇੰਟਲ ਰਿਹਾ। ਇਸ ਵਾਰ ਵੀ 17 ਏਕੜ ਵਿੱਚ ਸਿੱਧੀ ਬਿਜਾਈ ਕੀਤੀ ਹੈੈ, ਜਿਸ ਕਰਕੇ ਲੇਬਰ ਦੀ ਕੋਈ ਦਿੱਕਤ ਪੇਸ਼ ਨਹੀਂ ਆਈ। ਕਿਸਾਨ ਲਾਲ ਸਿੰਘ ਨੇ ਦੱਸਿਆ ਕਿ

ਪਿਛਲੀ ਵਾਰ 5 ਕਿੱਲੇ ਰਕਬੇ ’ਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ, ਜਦੋਂਕਿ ਚੰਗੇ ਝਾੜ ਤੇ ਘੱਟ ਖਰਚੇ ਨੂੰ ਦੇਖਦੇ ਹੋਏ ਇਸ ਵਾਰ 20 ਏਕੜ ਵਿਚ ਸਿੱਧੀ ਬਿਜਾਈ ਕੀਤੀ ਹੈ।
ਇਸ ਮੌਕੇ ਸਰਪੰਚ ਸੁਖਪਾਲ ਸਿੰਘ ਫਤਿਹਗੜ ਛੰਨਾ ਨੇ ਦੱਸਿਆ ਕਿ ਫਤਿਹਗੜ ਛੰਨਾ ਝੋਨੇ ਦੀ ਸਿੱਧੀ ਬਿਜਾਈ ਦੇ ਵੱਡੇ ਰਕਬੇ ਵਾਲੇ ਮੋਹਰੀ ਪਿੰਡਾਂ ਵਿਚੋਂ ਇਕ ਹੈ, ਜਿੱਥੇ 60 ਫੀਸਦੀ ਤੋਂ ਵੱਧ ਰਕਬੇ ਵਿਚ ਝੋਨੇ ਦੀ ਸਿੱੱਧੀ ਬਿਜਾਈ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸ ਤਕਨੀਕ ਨਾਲ ਜਿੱਥੇ ਝਾੜ ਚੋਖਾ ਹੁੰਦਾ ਹੈ, ਉਥੇ ਖਰਚਾ ਵੀ ਘੱਟ ਹੁੰਦਾ ਹੈ ਅਤੇ ਪਾਣੀ ਦੀ ਵੀ ਬੱਚਤ ਹੁੰਦੀ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਚਰਨਜੀਤ ਸਿੰਘ ਕੈਂਥ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲਾ ਬਰਨਾਲਾ ਵਿੱਚ ਕੁੱਲ 115294 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਲਵਾਈ ਹੋਈ, ਜਿਸ ਵਿਚੋਂ 20050 ਹੈਕਟੇਅਰ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ। ਇਸ ਵਾਰ ਲਗਭਗ 113000 ਹੈਕਟੇਅਰ ਰਕਬੇ ਵਿਚ ਝੋਨੇ ਦੀ ਲਵਾਈ ਦਾ ਅੰਦਾਜ਼ਾ ਹੈ, ਜਿਸ ਵਿਚੋਂ 63,400 ਹੈਕਟੇਅਰ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਦਾ ਅਨੁਮਾਨ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਖੇਤੀਬਾੜੀ ਟੀਮ ਨੇ ਖੇਤਾਂ ਦਾ ਦੌਰਾ ਕੀਤਾ। ਇਸ ਮੌਕੇ ਡਾ. ਸੁਖਪਾਲ ਸਿੰਘ, ਡਾ. ਗੁਰਮੀਤ ਸਿੰਘ, ਡਾ. ਗੁਰਬਿੰਦਰ ਸਿੰਘ (ਖੇਤੀਬਾੜੀ ਵਿਕਾਸ ਅਫਸਰ), ਕਿਸਾਨ ਗੁਰਨੈਬ ਸਿੰਘ, ਜਸਵੀਰ ਸਿੰਘ, ਸੁਖਦੇਵ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ, ਬੂਟਾ ਸਿੰਘ, ਕਰਮ ਸਿੰਘ, ਸੁਖਜੀਤ ਸਿੰਘ, ਹਰਪ੍ਰੀਤ ਸਿੰਘ, ਬਿੰਦਰ ਸਿੰਘ ਤੇ ਹਰਮਨਦੀਪ ਸਿੰਘ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਵੱਲੋਂ ਫਤਿਹਗੜ ਛੰਨਾ ਤੇ ਉਗੋਕੇ ਦਾ ਦੌਰਾ
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅੱਜ ਪਿੰਡ ਫਤਿਹਗੜ ਛੰਨਾ ਅਤੇ ਉਗੋਕੇ ਦਾ ਦੌਰਾ ਕੀਤਾ ਅਤੇ ਅਗਾਂਹਵਧੂ ਕਿਸਾਨਾਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਜਿੱਥੇ ਵਾਤਾਵਰਨ ਪੱਖੀ ਹੈ, ਉਥੇ ਝਾੜ ਵੀ ਚੰਗਾ ਮਿਲ ਰਿਹਾ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਇਸ ਤਕਨੀਕ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਕਰ ਕੇ ਇਸ ਵਾਰ 20 ਫੀਸਦੀ ਤੋਂ ਵੱਧ ਹੋਰ ਰਕਬਾ ਵਧਣ ਦੀ ਉਮੀਦ ਹੈ। ਉਨਾਂ ਹੋਰਨਾਂ ਕਿਸਾਨਾਂ ਨੂੰ ਵੀ ਅਗਾਂਹਵਧੂ ਕਿਸਾਨਾਂ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ।

Spread the love