ਜ਼ਮੀਨਦੋਜ਼ ਪਾਈਪਾਂ ਤੇ 5 ਕਰੋੜ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਤੇ 25 ਕਰੋੜ ਦੀ ਰਾਸ਼ੀ ਖਰਚ ਹੋਵੇਗੀ- ਕੁਸ਼ਲਦੀਪ ਸਿੰਘ ਢਿੱਲੋਂ

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਫਰੀਦਕੋਟ
ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਸ਼ਹਿਰ ਦੇ ਗੰਦੇ ਨਾਲੇ ਦੀ ਥਾਂ ਜ਼ਮੀਨਦੋਜ ਪਾਈਪਾਂ ਪਾਉਣ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ
ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਪ੍ਰੋਜੈਕਟ 4 ਮਹੀਨਿਆਂ ਵਿੱਚ ਮੁਕੰਮਲ ਕਰਨ ਦੇ ਆਦੇਸ਼
ਫ਼ਰੀਦਕੋਟ 7 ਮਈ,2021 ਫਰੀਦਕੋਟ ਸ਼ਹਿਰ ਦੇ ਵਸਨੀਕਾਂ ਦੀ ਅੱਜ ਚਿਰੋਕਣੀ ਮੰਗ ਉਸ ਸਮੇਂ ਪੂਰੀ ਹੋ ਗਈ ਜਦੋਂ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਫਰੀਦਕੋਟ ਤੋਂ ਵਿਧਾਇਕ ਸ: ਕੁਲਦੀਪ ਸਿੰਘ ਢਿੱਲੋਂ ਵੱਲੋਂ ਸ਼ਹਿਰ ਦੇ ਬਹੁਤ ਹੀ ਵੱਕਾਰੀ ਪ੍ਰਾਜੈਕਟ ਅਤੇ ਸੀਵਰੇਜ ਸਮੱਸਿਆ ਦੇ ਹੱਲ ਲਈ ਗੰਦੇ ਨਾਲੇ ਦੀ ਥਾਂ ਤੇ ਜ਼ਮੀਨਦੋਜ ਪਾਈਪਾਂ ਪਾਉਣ ਦੇ ਪ੍ਰਾਜੈਕਟ ਦਾ ਕੰਮ ਸ਼ੁਰੂ ਕਰਵਾਇਆ। ਤਿੰਨ ਕਿਲੋਮੀਟਰ ਲੰਬੇ ਇਸ ਪ੍ਰੋਜੈਕਟ ਤੇ 5 ਕਰੋੜ ਦੀ ਰਾਸ਼ੀ ਖਰਚ ਆਵੇਗੀ।
ਇਸ ਮੌਕੇ ਫਰੀਦਕੋਟ ਦੇ ਵਿਧਾਇਕ ਸ:ਕੁਸ਼ਲਦੀਪ ਸਿੰਘ ਢਿੱਲੋਂ ਨੇ ਪ੍ਰਾਚੀਨ ਮੰਦਰ ਅਨੰਦੇਆਣਾ ਗੇਟ ਵਿਖੇ ਨਗਰ ਕੌਸਲ ਦੇ ਚੁਣੇ ਹੋਏ ਨੁਮਾਇੰਦਿਆਂ, ਨਗਰ ਕੌਸਲ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਕਰਦਿਆਂ ਕਿਹਾ ਕਿ ਉਹ ਜਦੋਂ ਵੀ ਇਸ ਪ੍ਰਾਚੀਨ ਮੰਦਰ ਵਿੱਚ ਦਰਸ਼ਨ ਲਈ ਆਉਂਦੇ ਸਨ ਤਾਂ ਇਸ ਦੇ ਨਜ਼ਦੀਕ ਸੀਵਰੇਜ਼ ਦਾ ਪਾਣੀ ਲਿਜਾ ਰਹੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਸਨ, ਜੋ ਅੱਜ ਹਕੀਕਤ ਵਿੱਚ ਬਦਲਣ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਰਾਜ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਸਰਵਪੱਖੀ ਵਿਕਾਸ ਲਈ ਸਿਰ ਤੋੜ ਯਤਨ ਕਰ ਰਹੀ ਹੈ ਤੇ ਕੋਵਿਡ ਮਹਾਂਮਾਰੀ ਅਤੇ ਵਿੱਤੀ ਮੁਸ਼ਕਿਲਾਂ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਵਿਕਾਸ ਪ੍ਰੋਜੈਕਟ ਜੋਰਾਂ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸਾਂ ਸਦਕਾ ਸਮੁੱਚੇ ਸ਼ਹਿਰ ਦੀਆਂ ਗਲੀਆਂ-ਨਾਲੀਆਂ ਇੰਟਰਲਾਕਿੰਗ ,ਪਾਰਕਾਂ ,ਸੜਕਾਂ ਸਮੇਤ ਹੋਰ ਵੱਡੇ ਤੇ ਬਹੁ ਕਰੋੜੀ ਵਿਕਾਸ ਪ੍ਰਾਜੈਕਟ ਜੋਰਾਂ ਤੇ ਚਲ ਰਹੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਯਕੀਨ ਦਵਾਇਆ ਕਿ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਲਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।
ਇਸ ਮੌਕੇ ਸ੍ਰੀ ਢਿੱਲੋਂ ਨੇ ਕਿਹਾ ਕਿ ਸ਼ਹਿਰ ਦੇ ਸਰਬ ਪੱਖੀ ਵਿਕਾਸ ਲਈ 125 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਸ਼ਹਿਰ ਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਸ਼ਹਿਰ ਦੇ ਸੀਵਰੇਜ ਦਾ ਪਾਣੀ ਜੋ ਕਿ ਗੰਦੇ ਨਾਲੇ ਵਿੱਚ ਪੈਂਦਾ ਸੀ ਇਸ ਦੀ ਥਾਂ ਤੇ ਜ਼ਮੀਨਦੋਜ਼ ਪਾਈਪਾਂ ਪੈਣ ਨਾਲ ਸ਼ਹਿਰ ਵਾਸੀਆਂ ਦੀ ਇਹ ਮੰਗ ਪੂਰੀ ਹੋ ਰਹੀ ਹੈ। ਉਨ੍ਹਾਂ ਦੱਸਆ ਕਿ ਇਸ ਪ੍ਰੋਜੈਕਟ ਤੇ 5 ਕਰੋੜ ਰੁਪਏ ਖਰਚ ਆਉਣਗੇ ਅਤੇ ਜਮੀਨਦੋਜ਼ ਪਾਈਪਾਂ ਰਾਹੀਂ ਮਾਲ ਰੋਡ, ਹੁੱਕੀ ਚੋਂਕ ਤੋਂ ਭਾਈ ਘਨੱਈਆ ਚੌਂਕ, ਬਲਬੀਰ ਬਸਤੀ ਤੇ ਭਾਈ ਘੱਨਈਆ ਚੌਂਕ ਅਤੇ ਇਸ ਤੋਂ ਅੱਗੇ ਭਾਈ ਘਨੱਈਆਂ ਚੌਂਕ ਤੋਂ ਬਾਜੀਗਰ ਬਸਤੀ, ਸਾਦਿਕ ਰੋਡ ਆਦਿ ਤੋਂ ਹੁੰਦਾ ਹੋਇਆ ਸੀਵਰੇਜ ਦਾ ਪਾਣੀ ਅਰਾਈਆ ਵਾਲਾ ਰੋਡ ਤੇ ਬਣ ਰਹੇ ਸੀਵਰੇਜ਼ ਟਰੀਟਮੈਂਟ ਪਲਾਂਟ ਵਿੱਚ ਜਾਵੇਗਾ ਜਿੱਥੇ ਕਿ ਇਸ ਗੰਦੇ ਪਾਣੀ ਨੂੰ ਟਰੀਟ ਕਰਕੇ ਇਸ ਨੂੰ ਖੇਤੀਬਾੜੀ, ਸੰਚਾਈ ਲਈ ਵਰਤਿਆ ਜਾਵੇਗਾ।ਉਨਾਂ ਕਿਹਾ ਕਿ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੰਮ ਚੱਲ ਰਿਹਾ ਹੈ ਜਿਸ ਤੇ 25 ਕਰੋੜ ਰੁਪਏ ਦੀ ਰਾਸ਼ੀ ਖਰਚ ਆਵੇਗੀ। ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ ਇਕੱਲੇ ਸੀਵਰੇਜ ਟਰੀਟਮੈਂਟ ਅਤੇ ਜ਼ਮੀਨਦੋਜ਼ ਪਾਈਪਾਂ ਦੇ ਕੰਮ ਤੇ 30 ਕਰੋੜ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਜਿੱਥੇ ਲੋਕਾਂ ਨੂੰ ਗੰਦੇ ਨਾਲੇ ਕਾਰਨ ਸੀਵਰੇਜ ਬਲਾਕੇਜ਼ ਜਾਂ ਹੋਰ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਸੀ ਉਸ ਦਾ ਪੱਕਾ ਹੱਲ ਹੋਵੇਗਾ।
ਇਸ ਮੌਕੇ ਸ੍ਰੀ ਕੁਲਦੀਪ ਸਿੰਘ ਸੋਹੀ ਐਸ.ਪੀ.ਐਚ.,ਨਗਰ ਕੌਂਸਲ ਦੇ ਨਵੇਂ ਚੁਣੇ ਗਏ ਪ੍ਰਧਾਨ ਸ੍ਰੀ ਨਰਿੰਦਰਪਾਲ ਸਿੰਘ ਨਿੰਦਾ, ਸੀਨੀਅਰ ਵਾਈਸ ਪ੍ਰਧਾਨ ਮੈਡਮ ਰੂਪਇੰਦਰ ਕੌਰ ਬਰਾੜ,ਵਾਈਸ ਪ੍ਰਧਾਨ ਸ੍ਰੀਮਤੀ ਹਰਮੀਤ ਗਾਂਧੀ,ਡਾ. ਜੰਗੀਰ ਸਿੰਘ, ਕਰਮਜੀਤ ਸਿੰਘ ਟਹਿਣਾ, ਬਲਕਰਨ ਸਿੰਘ ਨੰਗਲ, ਡਾ. ਚੰਦਰ ਸ਼ੇਖਰ ਸੀਨੀਅਰ ਮੈਡੀਕਲ ਅਫਸਰ, ਡੀ.ਐਸ.ਪੀ. ਸ: ਸਤਵਿੰਦਰ ਸਿੰਘ ਵਿਰਕ, ਏ.ਐਮ.ਈ. ਸ੍ਰੀ ਰਾਕੇਸ਼ ਕੰਬੋਜ਼, ਸੀਨੀਅਰ ਕਾਂਗਰਸੀ ਆਗੂ ਬਲਜੀਤ ਸਿੰਘ ਗੋਰਾ, ਜਤਿੰਦਰ ਸਿੰਘ ਖਾਲਸਾ, ਅਮਿਤ ਕੁਮਾਰ ਜੁਗਨੂੰ, ਜਗਦੀਸ਼ ਰਾਏ, ਜੇ.ਈ. ਸਜਲ ਗੁਪਤਾ, ਤੋਂ ਇਲਾਵਾ ਸਮੂਹ ਨਗਰ ਕੌਂਸਲਰ ਅਤੇ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
Spread the love