ਜ਼ਿਲਾ ਬਰਨਾਲਾ ’ਚ ਵੱਖ ਵੱਖ ਵਿਭਾਗਾਂ ਅਤੇ ਐੈਨਐੈਸਐਸ ਯੂਨਿਟਾਂ ਨੇ ਵਰਚੁਅਲ ਤਰੀਕੇ ਨਾਲ ਮਨਾਇਆ ਯੋਗ ਦਿਵਸ

ਸਿਹਤਮੰਦ ਜੀਵਨਸ਼ੈਲੀ ਲਈ ਯੋਗ ਦੀ ਅਹਿਮ ਭੂਮਿਕਾ: ਡਾ. ਜਸਵੀਰ ਸਿੰਘ ਔਲਖ
ਬਰਨਾਲਾ, 21 ਜੂਨ 2021
ਜ਼ਿਲਾ ਬਰਨਾਲਾ ਵਿੱਚ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ, ਸਿਹਤ ਅਮਲੇ, ਐਨਐਸਐਸ ਯੂਨਿਟਾਂ ਤੇ ਹੋਰ ਲੋਕਾਂ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਜਿਸ ਮੌਕੇ ਆਨਲਾਈਨ ਲਿੰਕ ਜੁਆਇਨ ਕਰ ਕੇ ਯੋਗ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਜਸਵੀਰ ਸਿੰਘ ਔਲਖ ਨੇ ਕਿਹਾ ਕਿ ਯੋਗ ਸਾਡੇ ਨਰੋਏ ਸਮਾਜ ਲਈ ਬਹੁਤ ਅਹਿਮ ਰੋਲ ਅਦਾ ਕਰਦਾ ਹੈ। ਜੇਕਰ ਅਸੀਂ ਸਰੀਕਰ ਪੱਖੋਂ ਤੰਦਰੁਸਤ ਹਾਂ ਤਾਂ ਜ਼ਿੰਦਗੀ ਦੇ ਹਾਸੇ ਖੁਸ਼ੀਆਂ ਨੂੰ ਮਾਣ ਸਕਦੇ ਹਾਂ। ਉਨਾਂ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਇਸ ਵਾਰ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਯੋਗ ਦਿਵਸ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੈਟਫਾਰਮ ਰਾਹੀਂ ਵਰਚੁਅਲ ਤੌਰ ’ਤੇ ਸਵੇਰੇ 7 ਵਜੇ ਤੋਂ 7:45 ਤੱਕ ਮਨਾਇਆ ਗਿਆ।
ਡਾ. ਔਲਖ ਨੇ ਦੱਸਿਆ ਕਿ ਇਸ ਸਾਲ ਆਯੂਸ਼ ਮੰਤਰਾਲੇ ਵੱਲੋਂ ਯੋਗ ’ਤੇ ਆਧਾਰਿਤ ‘ਇੰਟਰਨੈਸ਼ਨਲ ਡੇਅ ਆਫ ਯੋਗਾ 2021’ ਹੈਂਡਬੁੱਕ ਵੀ ਤਿਆਰ ਕੀਤੀ ਗਈ ਹੈ, ਜਿਸ ਦਾ ਲਿੰਕ ਮਨਿਸਟਰੀ ਆਫ ਆਯੁਸ਼ ਦੇ ਯੋਗ ਪੋਰਟਲ ਉੱਤੇ ਉਪਲੱਬਧ ਹੈ। ਇਸ ਮੌਕੇ ਡਾ. ਨਵਜੋਤਪਾਲ ਭੁੱਲਰ ਜ਼ਿਲਾ ਪਰਿਵਾਰ ਭਲਾਈ ਅਫਸਰ ਨੇ ਦੱਸਿਆ ਕਿ ਸਿਹਤ ਵਿਭਾਗ ਲੋਕਾਂ ਨੂੰ ਨਰੋਈ ਸਿਹਤ ਪ੍ਰਤੀ ਲਗਾਤਾਰ ਜਾਗਰੂਕ ਕਰਦਾ ਆ ਰਿਹਾ ਹੈ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਵਿਜੈ ਭਾਸਕਰ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਅਧੀਨ ਐਨਐਸਐਸ ਯੂਨਿਟਾਂ ਅਤੇ ਯੂਥ ਕਲੱਬਾਂ ਵੱਲੋਂ ਵੀ ਯੋਗਾ ਕਰ ਕੇ ਯੋਗ ਦਿਵਸ ਮਨਾਇਆ ਗਿਆ ਅਤੇ ਸਿਹਤਯਾਬੀ ਦਾ ਸੁਨੇਹਾ ਦਿੱਤਾ ਗਿਆ।
ਇਸ ਮੌਕੇ ਆਯੁਰਵੈਦਿਕ ਮੈਡੀਕਲ  ਅਫਸਰ ਡਾ. ਹਰਜੋਤ ਕੁਮਾਰ ਸ਼ਰਮਾ ਨੇ ਦੱਸਿਆ ਕਿ ਆਯੂਸ਼ ਮੰਤਰਾਲੇ ਵੱਲੋਂ ਵੱਖ ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ਦਾ ਲਿੰਕ ਮੁਹੱਈਆ ਕਰਾਇਆ ਗਿਆ, ਜਿਸ ਰਾਹੀਂ ਜ਼ਿਲਾ ਬਰਨਾਲਾ ਵਿਚ ਵੱਖ ਵੱਖ ਥਾਈਂ ਯੋਗ ਕਰਵਾਇਆ ਗਿਆ।

Spread the love