ਜ਼ਿਲਾ ਬਰਨਾਲਾ ਦੇ 30 ਸਕੂਲਾਂ ਵਿਚ ਰੂਫ ਟੌਪ ਹਾਰਵੈਸਟਿੰਗ ਸਿਸਟਮ ਹੋਵੇਗਾ ਚਾਲੂ

ਮੀਂਹ ਦੇ ਪਾਣੀ ਦੀ ਸੰਭਾਲ ਲਈ 18 ਸਕੂਲਾਂ ’ਚ ਕੰਮ ਜਾਰੀ, 12 ਸਕੂਲਾਂ ਵਿਚ ਛੇਤੀ ਹੋਵੇਗਾ ਸ਼ੁਰੂ
ਹਰ ਜ਼ਿਲਾ ਵਾਸੀ ਜਲ ਸੰਭਾਲ ਲਈ ਹੰਭਲਾ ਮਾਰੇ: ਤੇਜ ਪ੍ਰਤਾਪ ਸਿੰਘ ਫੂਲਕਾ
ਬਰਨਾਲਾ, 13 ਜੁਲਾਈ 2021
ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਮੀਂਹ ਦੇ ਪਾਣੀ ਦੀ ਸੰੰਭਾਲ ਲਈ ਵੱਡਾ ਹੰਭਲਾ ਮਾਰਦੇ ਹੋਏ ਲਗਭਗ 30 ਹੋਰ ਸਕੂਲਾਂ ਵਿਚ ਰੂਫ ਟੌਪ ਹਾਰਵੈਸਟਿੰਗ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ, ਜੋ ਛੱਤਾਂ ਤੋਂ ਡਿੱਗਦੇ ਅਤੇ ਮੀਂਹ ਦੇ ਹੋਰ ਪਾਣੀ ਰਾਹੀਂ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦਾ ਵੱਡਾ ਸਾਧਨ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸਾਲ 2021-22 ਤਹਿਤ 30 ਸਕੂਲਾਂ ਦੀਆਂ ਇਮਾਰਤਾਂ ਵਿਚ ਰੂਫ ਟੌਪ ਹਾਰਵੈਸਟਿੰਗ ਮਾਡਲ ਲਾਗੂ ਕੀਤਾ ਜਾ ਰਿਹਾ ਹੈ, ਜਿਨਾਂ ਵਿਚੋਂ 18 ਸਕੂਲਾਂ ਵਿਚ ਕੰਮ ਜਾਰੀ ਹੈ ਅਤੇ 12 ਸਕੂਲਾਂ ਵਿੱਚ ਸ਼ੁਰੂ ਕੀਤਾ ਜਾਣਾ ਹੈ।
ਉਨਾਂ ਦੱਸਿਆ ਕਿ ਜਿਹੜੇ ਪਿੰਡਾਂ ਵਿਚ ਕੰਮ ਚੱਲ ਰਿਹਾ ਹੈ, ਉਨਾਂ ਵਿਚ ਭੱਠਲਾਂ, ਅਸਪਾਲ ਕਲਾਂ, ਰਾਜਗੜ, ਨੰਗਲ, ਫਰਵਾਹੀ, ਠੁੱਲੀਵਾਲ, ਦੀਵਾਨਾ, ਮੂੰਮ, ਗਹਿਲ, ਕਲਾਲਾ, ਰਾਮਗੜ, ਟੱਲੇਵਾਲ, ਸਹਿਣਾ, ਉਗੋਕੇ, ਵਿਧਾਤੇ, ਦਰਾਜ, ਮਹਿਤਾ, ਨੈਣੇਵਾਲ ਸ਼ਾਮਲ ਹਨ। ਇਸ ਤੋਂ ਇਲਾਵਾ ਭੈਣੀ ਮਹਿਰਾਜ, ਪੱਤੀ ਬਾਜਵਾ, ਕੁੱਬੇ, ਬਡਬਰ, ਕੁਤਬਾ, ਸਹੌਰ, ਕੁਰੜ, ਵਜ਼ੀਦਕੇ ਖੁਰਦ, ਧਨੇਰ, ਮਹਿਲ ਕਲਾਂ, ਚੀਮਾ ਤੇ ਦਰਾਕਾ ਸ਼ਾਮਲ ਹਨ। ਉਨਾਂ ਦੱੱਸਿਆ ਕਿ ਜ਼ਿਲੇ ਦੇ ਕੁਝ ਸਕੂਲਾਂ ਜਿਵੇਂ ਪੱਖੋਕੇ, ਫਤਿਹਗੜ ਛੰਨਾ ਸਣੇ ਅੱੱਧੀ ਦਰਜਨ ਸਕੂਲਾਂ ਵਿਚ ਇਹ ਮਾਡਲ ਪਹਿਲਾਂ ਲਾਗੂ ਕੀਤਾ ਹੋਇਆ ਹੈ।
ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ, ਇਸ ਲਈ ਹਰ ਜ਼ਿਲਾ ਵਾਸੀ ਜਲ ਸੰਭਾਲ ਵਿਚ ਯੋਗਦਾਨ ਪਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਨਵਲ ਰਾਮ ਨੇ ਦੱਸਿਆ ਕਿ ਮੀਂਹ ਦੇ ਪਾਣੀ ਦੀ ਸੰਭਾਲ ਇਹ ਮਾਡਲ ਕਾਫੀ ਸਫਲ ਹੈ। ਉਨਾਂ ਦੱਸਿਆ ਕਿ ਇਸ ਵਾਸਤੇ ਸਕੂਲਾਂ ਦੀ ਛੱਤ ਅਤੇ ਮੈਦਾਨ ਦਾ ਪਾਣੀ ਨੀਵੇਂ ਥਾਂ ’ਤੇ ਇਕੱਠਾ ਕਰ ਕੇ ਪਿੱਟ ਵਿਚ ਪਾਇਆ ਜਾਂਦਾ ਹੈ, ਜਿਸ ਤੋਂ ਅੱਗੇ ਚੈਂਬਰ ਰਾਹੀਂ ਚਾਰ ਪਰਤਾਂ ਰਾਹੀਂ ਸੋਧ ਕੇ ਪਾਈਪ ਰਾਹੀਂ ਧਰਤੀ ਹੇਠ ਜਾਂਦਾ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲਾਂ ਵਿਚ ਵੀ ਕਈ ਸਕੂਲਾਂ ਵਿਚ ਇਹ ਮਾਡਲ ਲਾਗੂ ਕੀਤੇ ਗਏ ਹਨ, ਤਾਂ ਜੋ ਮੀਂਹ ਦੇ ਪਾਣੀ ਦੀ ਸੁਚੱਜੀ ਸੰਭਾਲ ਕਰ ਕੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕੀਤਾ ਜਾ ਸਕੇ।

Spread the love