*ਜ਼ਿਲੇ ਦੀਆਂ ਮੰਡੀਆਂ ਵਿਚ 2.69 ਲੱਖ ਟਨ ਕਣਕ ਦੀ ਖਰੀਦ
ਬਰਨਾਲਾ, 24 ਅਪਰੈਲ
ਜ਼ਿਲਾ ਬਰਨਾਲਾ ਵਿਚ ਕਿਸਾਨਾਂ ਨੂੰ ਕਣਕ ਦੀ ਖਰੀਦ ਵਜੋਂ ਆਨਲਾਈਨ ਅਦਾਇਗੀ ਸਿੱਧੀ ਖਾਤਿਆਂ ਵਿਚ ਕਰਨ ਦੀ ਪ੍ਰਕਿਰਿਆ ਜਾਰੀ ਹੈ।
ਜ਼ਿਲਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਅਤਿੰਦਰ ਕੌਰ ਨੇ ਦੱਸਿਆ ਕਿ ਹੁਣ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ 323 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਇਸ ਮੌਕੇ ਗੱਲ ਕਰਦਿਆਂ ਕਿਸਾਨ ਹਰਭਜਨ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਤਾਜੋਕੇ (ਬਰਨਾਲਾ) ਨੇ ਦੱਸਿਆ ਕਿ ਉਨਾਂ ਦੀ ਕਣਕ ਦੀ ਫਸਲ ਦੀ ਅਦਾਇਗੀ ਕਣਕ ਵੇਚਣ ਤੋਂ ਤਿੰਨ ਦਿਨ ਬਾਅਦ ਉਨਾਂ ਦੇ ਖਾਤੇ ਵਿਚ ਆ ਚੁੱਕੀ ਹੈੈ। ਉਨਾਂ ਸਰਕਾਰ ਦੀ ਆਨਲਾਈਨ ਪ੍ਰਣਾਲੀ ’ਤੇ ਸੰਤੁਸ਼ਟੀ ਜਤਾਈ।
ਇਸ ਮੌਕੇ ਡੀਐਫਐਸਸੀ ਅਤਿੰਦਰ ਕੌਰ ਨੇ ਦੱਸਿਆ ਕਿ ਜ਼ਿਲੇ ਦੀਆਂ ਮੰਡੀਆਂ ਵਿੱਚ ਹੁਣ ਤੱਕ 3,11,662 ਮੀਟਿ੍ਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 2,69,796 ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨਾਂ ਦੱਸਿਆ ਕਿ ਖਰੀਦੀ ਗਈ ਕਣਕ ਵਿੱਚੋਂ ਪਨਗ੍ਰੇਨ ਵੱਲੋਂ 87,903 ਟਨ, ਮਾਰਕਫੈਡ ਨੇ 60,180 ਟਨ, ਪਨਸਪ ਵੱਲੋਂ 65,262, ਵੇਅਰ ਹਾਊਸ ਵੱਲੋਂ 39,571ਤੇ ਐਫ.ਸੀ.ਆਈ. ਵੱਲੋਂ 16,880 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।