ਜ਼ਿਲਾ ਮੈਜਸਟ੍ਰੇਟ ਵੱਲੋਂ ਕੋਵਿਡ ਬੰਦਸ਼ਾਂ ਵਿਚ ਛੋਟਾਂ ਦੇ ਨਵੇਂ ਆਦੇਸ਼ ਜਾਰੀ

ਜਿੰਮ ਸੋਮਵਾਰ ਤੋਂ ਸ਼ਨੀਵਾਰ ਸਵੇਰੇ 5 ਵਜੇ ਤੋਂ ਸ਼ਾਮ 7.30 ਵਜੇ ਤੱਕ ਖੁੱਲ ਸਕਣਗੇ
ਵਿਆਹ, ਸਸਕਾਰ ਮੌਕੇ 50 ਵਿਅਕਤੀਆਂ ਤੋਂ ਵੱਧ ਇਕੱਠ ਕਰਨ ਦੀ ਮਨਾਹੀ
ਬਰਨਾਲਾ, 16 ਜੂਨ 2021
ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਗ੍ਰਹਿ-2 ਸ਼ਾਖਾ) ਵੱਲੋਂ ਜਾਰੀ ਹਦਾਇਤਾਂ ਦੀ ਰੌਸ਼ਨੀ ਵਿਚ ਜ਼ਿਲਾ ਮੈਜਿਸਟਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਨਵੇਂ ਹੁਕਮ ਜਾਰੀ ਕੀਤੇ ਗਏ ਹਨ।
ਇਨਾਂ ਹੁਕਮਾਂ ਤਹਿਤ ਦੁਕਾਨਾਂ ਹਰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7:30 ਵਜੇ ਤੱਕ ਖੁੱਲਣ ਦੀ ਆਗਿਆ ਹੋਵੇਗੀ। ਸਿਨੇਮਾ ਘਰ 50% ਬੈਠਣ ਦੀ ਸਮਰੱਥਾ ਅਨੁਸਾਰ ਖੁੱਲਣ ਦੀ ਆਗਿਆ ਹੋਵੇਗੀ।
ਸਮੂਹ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ, ਡਿਸਪੈਂਸਰੀਆਂ, ਕੈਮਿਸਟ, ਸਕੈਨ ਸੈਂਟਰ, ਮੈਡੀਕਲ ਉਪਕਰਣਾਂ ਦੀਆਂ ਦੁਕਾਨਾਂ, ਲੈਬੋਰੇਟਰੀ, ਕਲੀਨਿਕ, ਨਰਸਿੰਗ ਹੋਮ, ਐਂਬੂਲੈਂਸ ਆਦਿ, ਪੈਟਰੋਲ ਪੰਪ, ਸੀ.ਐਨ.ਜੀ. ਪੰਪ ਅਤੇ ਪੰਪਾਂ ਨਾਲ ਲੱਗਦੀਆਂ ਪੈਂਚਰਾਂ ਦੀਆਂ ਦੁਕਾਨਾਂ ਨੂੰ ਸੋਮਵਾਰ ਤੋਂ ਐਤਵਾਰ 24 ਘੰਟੇ ਖੁੱਲਣ ਦੀ ਆਗਿਆ ਹੋਵੇਗੀ।
ਇਸ ਤੋਂ ਇਲਾਵਾ ਡੇਅਰੀ (ਬਰੈਡ, ਦੁੱਧ ਅਤੇ ਅੰਡੇ), ਡੇਅਰੀ ਉਤਪਾਦ ਜਿਵੇਂ ਦਹੀਂ, ਪਨੀਰ, ਮੱਖਣ ਆਦਿ, ਦੋਧੀਆਂ ਨੂੰ ਦੁੱਧ ਦੀ ਢੋਆ-ਢੋਆਈ, ਦੁੱਧ ਦੀਆਂ ਡੇਅਰੀਆਂ, ਫਲ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਅਤੇ ਰੇਹੜੀਆਂ, ਮੀਟ, ਮੱਛੀ ਅਤੇ ਪੋਲਟਰੀ ਉਤਪਾਦ ਦੀਆਂ ਦੁਕਾਨਾਂ, ਐਲ.ਪੀ.ਜੀ. ਗੈਸ ਸਿਲੰਡਰਾਂ ਦੀਆਂ ਏਜੰਸੀਆਂ ਸੋਮਵਾਰ ਤੋਂ ਐਤਵਾਰ ਸਵੇਰੇ 07 ਤੋਂ ਸ਼ਾਮ 7:30 ਵਜੇ ਤੱਕ ਖੁੱਲਣ ਦੀ ਆਗਿਆ ਹੋਵੇਗੀ। ਸਾਰੇ ਰੈਸਟੋਰੈਂਟਾਂ ਸਮੇਤ ਹੋਟਲ, ਕੈਫੇ, ਕੌਫੀ ਸ਼ਾਪ, ਫਾਸਟ ਫੂਡ ਆਊਟਲੈਟ/ਢਾਬਾ, ਕੰਨਫੈਕਸ਼ਨਰੀ ਆਦਿ 50 ਫੀਸਦੀ ਸਮਰੱਥਾ ਸੋਮਵਾਰ ਤੋਂ ਸ਼ਨੀਵਾਰ ਸਵੇਰੇ 07 ਵਜੇ ਤੋਂ ਰਾਤ 9.00 ਵਜੇ ਤੱਕ (ਸ਼ਾਮ 7.30 ਵਜੇ ਤੋਂ ਬਾਅਦ ਸਿਰਫ ਕੇਵਲ ਹੋਮ ਡਲਿਵਰੀ/ਟੇਕ ਅਵੇਅ ਲਈ) ਖੁੱਲਣ ਦੀ ਆਗਿਆ ਹੋਵੇਗੀ।
ਇਨਾਂ ਹੁਕਮਾਂ ਅਨੁਸਾਰ ਜਿੰਮ ਅਤੇ ਮਿਊਜ਼ੀਅਮ ਸੋਮਵਾਰ ਤੋਂ ਸ਼ਨੀਵਾਰ ਸਵੇਰੇ 05.00 ਵਜੇ ਤੋਂ ਸ਼ਾਮ 7.30 ਵਜੇ ਤੱਕ ਖੁੱਲਣਗੇ। ਰਿਟੇਲ ਅਤੇ ਹੋਲਸੇਲ ਸ਼ਰਾਬ ਦੇ ਠੇਕੇ, ਅਹਾਤਿਆਂ ਨੂੰ ਸਿਰਫ ਟੇਕ ਅਵੇਅ ਲਈ ਖੁੱਲਣ ਦੀ ਸੋਮਵਾਰ ਤੋਂ ਐਤਵਾਰ ਸਵੇਰੇ 09 ਵਜੇ ਤੋਂ ਸ਼ਾਮ 09 ਵਜੇ ਤੱਕ ਆਗਿਆ ਹੋਵੇਗੀ। ਸਾਰੇ ਰੈਸਟੋਰੈਂਟ ਸਮੇਤ ਹੋਟਲ, ਕੈਫੇ, ਕੌਫੀ ਸ਼ਾਪ, ਫਾਸਟ ਫੂਡ ਆਊਟਲੈਟ/ਢਾਬਾ, ਕੰਨਫੈਕਸ਼ਨਰੀ, ਸਿਨੇਮਾ ਘਰ, ਜਿੰਮ, ਮਿਊਜ਼ੀਅਮ ਆਦਿ ਨੂੰ ਇਸ ਸ਼ਰਤ ’ਤੇ ਖੁੱਲਣ ਦੀ ਆਗਿਆ ਹੋਵੇਗੀ ਕਿ ਕੰਮ ਕਰਦੇ ਸਮੂਹ ਸਟਾਫ ਦੇ ਘੱਟੋ-ਘੱਟ ਕੋਵਿਡ-19 ਦੀ ਵੈਕਸੀਨ ਦੀ ਇੱਕ ਡੋਜ਼ ਲੱਗੀ ਹੋਣੀ ਚਾਹੀਦੀ ਹੈ।
ਸਾਰੀਆਂ ਫੈਕਟਰੀਆਂ ਖੁੱਲੀਆਂ ਰਹਿਣਗੀਆਂ। ਫੈਕਟਰੀਆਂ ਵਿੱਚ ਕੰਮ ਕਰਦੇ ਕਰਮਚਾਰੀਆਂ/ਲੇਬਰ ਨੂੰ ਫੈਕਟਰੀ ਵਿੱਚ ਆਉਣ-ਜਾਣ ਅਤੇ ਕਰਮਚਾਰੀਆਂ/ਲੇਬਰ ਨੂੰ ਫੈਕਟਰੀ ਵਿੱਚ ਲਿਆਉਣ-ਛੱਡਣ ਲਈ ਵਹੀਕਲਾਂ ਦੀ ਵਰਤੋਂ ਦੀ ਆਗਿਆ ਹੋਵੇਗੀ। ਮਾਲ ਦੀ ਢੋਆ-ਢੁਆਈ ਨਾਲ ਸਬੰਧਤ ਵਹੀਕਲਾਂ ਨੂੰ ਹਰ ਰੋਜ਼ ਸ਼ਾਮ 07 ਵਜੇ ਤੋਂ ਸਵੇਰੇ 06 ਵਜੇ ਤੱਕ ਸਮਾਨ ਦੀ ਢੋਆ-ਢੋਆਈ ਕਰਨ ਦੀ ਆਗਿਆ ਹੋਵੇਗੀ। ਆਮ ਪਬਲਿਕ ਨੂੰ ਪਾਰਕਾਂ ਵਿੱਚ ਸਵੇਰੇ 05 ਵਜੇ ਤੋਂ ਸਵੇਰੇ 09 ਵਜੇ ਤੱਕ ਅਤੇ ਸ਼ਾਮ 05 ਵਜੇ ਤੋਂ ਸ਼ਾਮ 7.30 ਵਜੇ ਤੱਕ ਜਾਣ ਦੀ ਆਗਿਆ ਹੋਵੇਗੀ। ਸਬਜ਼ੀ ਮੰਡੀ (ਕੇਵਲ ਹੋਲਸੇਲ ਲਈ) ਹਰ ਰੋਜ਼ ਸਵੇਰੇ 04 ਵਜੇ ਤੋਂ ਸਵੇਰੇ 10 ਤੱਕ ਖੁੱਲਣ ਦੀ ਆਗਿਆ ਹੋਵੇਗੀ।
ਸਮੂਹ ਦੁਕਾਨਾਂ ਵਿੱਚ ਇੱਕ ਸਮੇਂ ’ਤੇ ਸਿਰਫ 10 ਗ੍ਰਾਹਕ ਹੀ ਦਾਖਲ ਹੋ ਸਕਦੇ ਹਨ ਅਤੇ ਵੱਡੇ ਗਰੌਸਰੀ ਸਟੋਰ ਜਿਵੇਂ ਕਿ ਮੋਰ, ਈਜ਼ੀ ਡੇਅ, ਡੀ ਮਾਰਟ, ਆਧਾਰ ਸਟੋਰ, ਰਿਲਾਇੰਸ ਸਟੋਰ ਆਦਿ ਵਿੱਚ ਇੱਕ ਸਮੇਂ ’ਤੇ ਸਿਰਫ 30 ਗ੍ਰਾਹਕ ਦਾਖਲ ਹੋ ਸਕਦੇ ਹਨ। ਵਿਆਹ/ਅੰਤਿਮ ਸੰਸਕਾਰ/ਭੋਗ ਆਦਿ ਸਮਾਗਮਾਂ ਵਿੱਚ 50 ਵਿਅਕਤੀਆਂ ਤੋਂ ਵੱਧ ਇਕੱਠ ਕਰਨ ਦੀ ਮਨਾਹੀ ਹੋਵੇਗੀ।
ਸਮੂਹ ਕਿਸਾਨ ਯੂਨੀਅਨ ਅਤੇ ਧਾਰਮਿਕ ਲੀਡਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਤਰਾਂ ਦਾ ਇਕੱਠ ਨਾ ਕਰਨ ਅਤੇ ਟੌਲ ਪਲਾਜ਼ਾ, ਪੈਟਰੋਲ ਪੰਪ ਅਤੇ ਮਾਲ ਵਿੱਚ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘੱਟ ਤੋਂ ਘੱਟ ਰੱਖੀ ਜਾਵੇ। ਹਰ ਰੋਜ਼ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 08 ਵਜੇ ਤੋਂ ਸਵੇਰੇ 05 ਵਜੇ ਤੱਕ ਨਾਈਟ ਕਰਫਿਊ ਲਾਗੂ ਰਹੇਗਾ ਅਤੇ ਹਰ ਸ਼ਨੀਵਾਰ ਤੋਂ ਸ਼ਾਮ 08 ਵਜੇ ਤੋਂ ਸੋਮਵਾਰ ਸਵੇਰੇ 05 ਵਜੇ ਤੱਕ ਹਫਤਾਵਰੀ ਕਰਫਿਊ ਲਾਗੂ ਹੋਵੇਗਾ।
ਸਵਿਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਆਦਿ ਬੰਦ ਰਹਿਣਗੇ। ਸਾਰੇ ਸਮਾਜਿਕ, ਸਭਿਆਚਾਰਕ, ਖੇਡਾਂ ਆਦਿ ਨਾਲ ਸਬੰਧਤ ਸਮਾਗਮ ਕਰਨ ’ਤੇ ਪੂਰਨ ਤੌਰ ’ਤੇ ਪਾਬੰਦੀ ਹੋਵੇਗੀ। ਸਮੂਹ ਰਾਜਨੀਤਿਕ ਇੱਕਠ ਕਰਨ ’ਤੇ ਪੂਰਨ ਤੌਰ ’ਤੇ ਪਾਬੰਦੀ ਹੋਵੇਗੀ।
ਉਕਤ ਹਦਾਇਤਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਆਈਪੀਸੀ ਦੀ ਧਾਰਾ 188 ਅਤੇ ਆਫਤ ਪ੍ਰਬੰਧਨ ਐਕਟ 2005 ਦੀ ਧਾਰਾ 51-60 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Spread the love