ਨਵਾਂਸ਼ਹਿਰ, 13 ਜੁਲਾਈ 2021
ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਤਹਿਤ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਦੀ ਰਹਿਨੁਮਾਈ ਹੇਠ ਜ਼ਿਲਾ ਰੋਜ਼ਗਾਰ ਤੇ ਕਾਬੋਬਾਰ ਬਿਊਰੋ ਵੱਲੋਂ ਜ਼ਿਲੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ, ਸਵੈ-ਰੋਜ਼ਗਾਰ ਅਤੇ ਹੁਨਰ ਵਿਕਾਸ ਰਾਹੀਂ ਆਪਣੇ ਪੈਰਾਂ ’ਤੇ ਖੜੇ ਹੋਣ ਵਿਚ ਸਹਾਇਤਾ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਸੰਜੀਵ ਕੁਮਾਰ ਨੇ ਦੱਸਿਆ ਕਿ ਇਸੇ ਤਹਿਤ ਮਿਤੀ 14 ਜੁਲਾਈ, ਦਿਨ ਬੁੱਧਵਾਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ, ਨਵਾਂਸ਼ਹਿਰ ਦੀ ਤੀਜੀ ਮੰਜ਼ਿਲ ’ਤੇ ਸਥਿਤ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਸਵਿਗੀ ਕੰਪਨੀ ਵੱਲੋਂ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਕੈਂਪ ਵਿਚ ਬਾਰਵੀਂ ਅਤੇ ਗਰੈਜੂਏਸ਼ਨ ਪਾਸ 18 ਤੋਂ 30 ਸਾਲ ਦੀ ਉਮਰ ਦੇ ਕੇਵਲ ਲੜਕੇ ਉਮੀਦਵਾਰ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਭਾਗ ਲੈ ਸਕਦੇ ਹਨ। ਉਨਾਂ ਇਹ ਵੀ ਦੱਸਿਆ ਕਿ ਬੀਤੇ ਦਿਨ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਲਗਾਏ ਪਲੇਸਮੈਂਟ ਕੈਂਪ ਵਿਚ 93 ਉਮੀਦਵਾਰਾਂ ਨੇ ਭਾਗ ਲਿਆ, ਜਿਨਾਂ ਵਿਚੋਂ 43 ਉਮੀਦਵਾਰਾਂ ਦੀ ਪੁਖਰਾਜ ਹਰਬਲ ਕੰਪਨੀ ਵੱਲੋਂ ਚੋਣ ਕੀਤੀ ਗਈ। ਉਨਾਂ ਕਿਹਾ ਕਿ ਪਲੇਸਮੈਂਟ ਕੈਂਪਾਂ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਬਿਊਰੋ ਦੇ ਹੈਲਪ ਲਾਈਨ ਨੰਬਰ 88727-59915 ਉੱਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।
ਫੋਟੋ :
ਸੰਜੀਵ ਕੁਮਾਰ, ਜ਼ਿਲਾ ਰੋਜ਼ਗਾਰ ਅਫ਼ਸਰ।