ਜ਼ਿਲਾ ਲੀਡ ਬੈਂਕ ਪੀ. ਐਨ. ਬੀ ਵੱਲੋਂ ਸਿਵਲ ਹਸਪਤਾਲ ਨੂੰ 10 ਲੱਖ ਰੁਪਏ ਦਾ ਮੈਡੀਕਲ ਸਾਜ਼ੋ-ਸਾਮਾਨ ਭੇਟ

ਡਿਪਟੀ ਕਮਿਸ਼ਨਰ ਵੱਲੋਂ ਬੈਂਕ ਦੇ ਸੁਹਿਰਦ ਉਪਰਾਲੇ ਦੀ ਸ਼ਲਾਘਾ
ਨਵਾਂਸ਼ਹਿਰ, 16 ਅਗਸਤ 2021 ਜ਼ਿਲਾ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਵੱਲੋਂ ਆਪਣੀਆਂ ਸੀ. ਐਸ. ਆਰ ਗਤੀਵਿਧੀਆਂ ਤਹਿਤ ਸਿਵਲ ਹਸਪਤਾਲ ਨਵਾਂਸ਼ਹਿਰ ਨੂੰ ਮਰੀਜ਼ਾਂ ਲਈ 10 ਲੱਖ ਰੁਪਏ ਦਾ ਮੈਡੀਕਲ ਸਾਜ਼ੋ-ਸਾਮਾਨ ਹੋਰ ਸਹਾਇਤਾ ਸਮੱਗਰੀ ਭੇਟ ਕੀਤੀ ਗਈ। ਸਿਵਲ ਹਸਪਤਾਲ ਵਿਚ ਇਸ ਸਬੰਧੀ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੀਡ ਜ਼ਿਲਾ ਮੈਨੇਜਰ ਰਮੇਸ਼ ਕੁਮਾਰ ਸ਼ਰਮਾ ਵੱਲੋਂ ਇਹ ਵਸਤਾਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੂੰ ਸੌਂਪੀਆਂ ਗਈਆਂ। ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਬੈਂਕ ਦੇ ਇਸ ਸੁਹਿਰਦ ਉਪਰਾਲੇ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਬੈਂਕ ਵੱਲੋਂ ਕੋਵਿਡ ਮਹਾਮਾਰੀ ਦੌਰਾਨ ਆਪਣੀਆਂ ਸੀ. ਐਸ. ਆਰ ਗਤੀਵਿਧੀਆਂ ਤਹਿਤ ਮਰੀਜ਼ਾਂ ਲਈ ਬਹੁਤ ਹੀ ਸ਼ਲਾਘਾਯੋਗ ਕੰਮ ਕੀਤੇ ਗਏ ਹਨ। ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਹਸਪਤਾਲ ਨੂੰ ਇਹ ਵਸਤਾਂ ਮੁਹੱਈਆ ਕਰਵਾਉਣ ਲਈ ਬੈਂਕ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਲੀਡ ਜ਼ਿਲਾ ਮੈਨੇਜਰ ਰਮੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਪੀ. ਐਨ. ਬੀ ਦੇ ਸਰਕਲ ਹੈੱਡ ਜਾਨ ਮੁਹੰਮਦ ਦੀ ਯੋਗ ਅਗਵਾਈ ਹੇਠ ਬੈਂਕ ਵੱਲੋਂ ਸਮਾਜ ਸੇਵਾ ਦੇ ਖੇਤਰ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ। ਉਨਾਂ ਵਿਸ਼ਵਾਸ ਦਿਵਾਇਆ ਕਿ ਬੈਂਕ ਇਸੇ ਤਰਾਂ ਆਪਣੀਆਂ ਸਮਾਜ ਭਲਾਈ ਗਤੀਵਿਧੀਆਂ ਜਾਰੀ ਰੱਖੇਗਾ। ਇਸ ਮੌਕੇ ਜ਼ਿਲਾ ਸਿਹਤ ਅਫ਼ਸਰ ਡਾ. ਕੁਲਦੀਪ ਰਾਏ, ਐਸ. ਐਮ. ਓ ਨਵਾਂਸ਼ਹਿਰ ਡਾ. ਮਨਦੀਪ ਕਮਲ ਤੋਂ ਇਲਾਵਾ ਹੋਰ ਡਾਕਟਰ ਸਾਹਿਬਾਨ ਅਤੇ ਬੈਂਕ ਦਾ ਸਟਾਫ ਹਾਜ਼ਰ ਸੀ।
ਕੈਪਸ਼ਨਾਂ :-ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਲਈ ਸਾਜ਼ੋ-ਸਾਮਾਨ ਦੀ ਸੂਚੀ ਸੌਂਪਦੇ ਹੋਏ ਲੀਡ ਜ਼ਿਲਾ ਮੈਨੇਜਰ ਰਮੇਸ਼ ਕੁਮਾਰ ਸ਼ਰਮਾ। ਨਾਲ ਹਨ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ, ਜ਼ਿਲਾ ਸਿਹਤ ਅਫ਼ਸਰ ਡਾ. ਕੁਲਦੀਪ ਰਾਏ, ਐਸ. ਐਮ. ਓ ਡਾ. ਮਨਦੀਪ ਕਮਲ ਤੇ ਹੋਰ।

 

 

Spread the love