ਸੈਂਟਰੀਐਂਟ ਫਾਰਮਾਸੂਟੀਕਲਸ ਟੋਂਸਾ ਨੇ 20 ਆਕਸੀਜਨ ਕੰਸਨਟਰੇਟਰ ਹਸਪਤਾਲ ਨੂੰ ਕੀਤੇ ਭੇਟ
ਨਵਾਂਸ਼ਹਿਰ, 31 ਮਈ 2021
ਜ਼ਿਲਾ ਹਸਪਤਾਲ ਨਵਾਂਸ਼ਹਿਰ ਵਿਚ ਹੁਣ ਆਕਸੀਜਨ ਦੀ ਕੋਈ ਕਮੀ ਨਹੀਂ ਆਵੇਗੀ, ਕਿਉਂਕਿ ਸੈਂਟਰੀਐਂਟ ਫਾਰਮਾਸੂਟੀਕਲਸ ਇੰਡੀਆ ਪ੍ਰਾਈਵੇਟ ਲਿਮਟਿਡ, ਟੋਂਸਾ ਵੱਲੋਂ ਅੱਜ ਮਰੀਜ਼ਾਂ ਲਈ ਹਸਪਤਾਲ ਨੂੰ 20 ਆਕਸੀਜਨ ਕੰਸਨਟਰੇਟਰ ਭੇਟ ਕੀਤੇ ਗਏ। ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਦੀ ਮੌਜੂਦਗੀ ਵਿਚ ਕੰਪਨੀ ਦੇ ਸੀ. ਐਸ. ਆਰ ਹੈੱਡ ਸ਼ਿਵ ਚਰਨ ਅਤੇ ਹੋਰਨਾਂ ਅਧਿਕਾਰੀਆਂ ਵੱਲੋਂ ਇਹ ਕੰਸਨਟਰੇਟਰ ਸਿਵਲ ਹਸਪਤਾਲ ਨੂੰ ਸੌਂਪੇ ਗਏ। ਇਨਾਂ ਆਕਸੀਜਨ ਕੰਸਨਟਰੇਟਰਾਂ ਵਿਚ 10 ਲੀਟਰ ਵਾਲੇ 15 ਅਤੇ 5 ਲੀਟਰ ਵਾਲੇ 5 ਕੰਸਨਟਰੇਟਰ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕੰਪਨੀ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਕੋਵਿਡ ਮਰੀਜ਼ਾਂ ਨੂੰ ਹੋਰ ਵਧੀਆ ਢੰਗ ਨਾਲ ਇਲਾਜ ਸੁਵਿਧਾਵਾਂ ਮੁਹੱਈਆ ਹੋ ਸਕਣਗੀਆਂ। ਉਨਾਂ ਕਿਹਾ ਕਿ ਸੈਂਟਰੀਐਂਟ ਵੱਲੋਂ ਪਹਿਲਾਂ ਵੀ ਸਮਾਜ ਸੇਵਾ ਅਤੇ ਲੋੜਵੰਦਾਂ ਦੀ ਮਦਦ ਲਈ ਸ਼ਲਾਘਾਯੋਗ ਕਾਰਜ ਕੀਤੇ ਗਏ ਹਨ। ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ, ਜ਼ਿਲਾ ਸਿਹਤ ਅਫ਼ਸਰ ਡਾ. ਕੁਲਦੀਪ ਰਾਏ, ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਦੀਪ ਕਮਲ ਅਤੇ ਜ਼ਿਲਾ ਹਸਪਤਾਲ ਦੇ ਸਮੁੱਚੇ ਸਟਾਫ ਵੱਲੋਂ ਸੀ. ਐਸ. ਆਰ ਹੈੱਡ ਸ਼ਿਵ ਚਰਨ ਅਤੇ ਉਨਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ।
ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਸਿਵਲ ਹਸਪਤਾਲ ਵਿਖੇ ਨਿਰਮਾਣ ਅਧੀਨ ਆਕਸੀਜਨ ਪਲਾਂਟ ਦਾ ਦੌਰਾ ਵੀ ਕੀਤਾ ਗਿਆ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਨਾਂ ਹਦਾਇਤ ਕੀਤੀ ਕਿ ਆਕਸੀਜਨ ਪਲਾਂਟ ਦੇ ਨਿਰਮਾਣ ਕਾਰਜ ਦੀ ਰੋਜ਼ਾਨਾ ਪ੍ਰਗਤੀ ਰਿਪੋਰਟ ਉਨਾਂ ਨੂੰ ਭੇਜੀ ਜਾਵੇ। ਇਸ ਮੌਕੇ ਡਾ. ਅਜੇ ਬਸਰਾ, ਡਾ. ਨੀਨਾ ਸ਼ਾਂਤ, ਡਾ. ਜੋਤੀ, ਸਿਸਟਰ ਰਾਜ, ਪਰਮਵੀਰ ਪਿ੍ਰੰਸ, ਤਰਸੇਮ ਲਾਲ, ਅਜੇ ਕੁਮਾਰ, ਰਾਜੇਸ਼ ਕੁਮਾਰ ਤੋਂ ਇਲਾਵਾ ਸੈਂਟਰੀਐਂਟ ਫਾਰਮਾਸੂਟੀਕਲਸ ਤੋਂ ਬਬੀਤਾ, ਸੁਜਾਤਾ, ਅਨੁਰਾਧਾ ਅਤੇ ਮੁਹੰਮਦ ਸਦੀਕ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਦੀ ਮੌਜੂਦਗੀ ਵਿਚ ਜ਼ਿਲਾ ਹਸਪਤਾਲ ਨਵਾਂਸ਼ਹਿਰ ਨੂੰ ਆਕਸੀਜਨ ਕੰਸਨਟਰੇਟਰ ਭੇਟ ਕਰਦੀ ਹੋਈ ਸੈਂਟਰੀਐਂਟ ਫਾਰਮਾਸੂਟੀਕਲਸ ਟੋਂਸਾ ਦੀ ਟੀਮ।
ਜ਼ਿਲਾ ਹਸਪਤਾਲ ਨਵਾਂਸ਼ਹਿਰ ਵਿਖੇ ਨਿਰਮਾਣ ਅਧੀਨ ਆਕਸੀਜਨ ਪਲਾਂਟ ਦਾ ਦੌਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ। ਨਾਲ ਹਨ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਤੇ ਹੋਰ।