ਮਜ਼ਦੂਰ ਰੱਖਣ ਤੋਂ ਪਹਿਲਾਂ ਸਥਾਈ ਪਤੇ ਸਮੇਤ ਹੋਰ ਰਿਕਾਰਡ ਰੱਖਣ ਦੀ ਹਦਾਇਤ
ਬਰਨਾਲਾ, 24 ਜੂਨ 2021
ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਆਈ.ਏ.ਐਸ. ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਕੋਈ ਵੀ ਵਿਅਕਤੀ ਸਰਕਾਰੀ ਸੜਕ, ਰਸਤੇ ਅਤੇ ਜ਼ਮੀਨ ’ਤੇ ਨਜਾਇਜ਼ ਕਬਜ਼ਾ ਨਹੀਂ ਕਰ ਸਕਦਾ। ਉਲੰਘਣਾ ਕਰਨ ਵਾਲੇ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਤਹਿਤ ਪੁਲਿਸ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਹਦਾਇਤ ਕੀਤੀ ਕਿ ਜ਼ਿਲਾ ਬਰਨਾਲਾ ਅੰਦਰ ਪੋਲਟਰੀ ਫਾਰਮਾਂ, ਰਾਈਸ ਸੈਲਰਾਂ, ਭੱਠਿਆਂ ਅਤੇ ਹੋਰ ਲਘੂ ਉਦਯੋਗਾਂ ਦੇ ਮਾਲਕ ਅਤੇ ਘਰੇਲੂ ਨੌਕਰ ਰੱਖਣ ਵਾਲੇ ਆਪਣੇ ਅਧੀਨ ਕੰਮ ਕਰਨ ਵਾਲੇ ਵਿਅਕਤੀਆਂ ਦਾ ਨਾਮ ਅਤੇ ਮੁਕੰਮਲ ਪੱਕਾ ਪਤਾ, ਤਿੰਨ ਤਸਵੀਰਾਂ (ਸੱਜੇ, ਖੱਬੇ ਅਤੇ ਸਾਹਮਣੇ ਤੋਂ ਪੋਜ) ਆਪਣੇ ਘਰਾਂ ਵਿੱਚ ਰਜਿਸਟਰ ਲਾ ਕੇ ਰੱਖਣ ਅਤੇ ਉਨ੍ਹਾਂ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਦੇ ਪਤੇ ਲਿਖ ਕੇ ਰੱਖੇ ਜਾਣ ਅਤੇ ਨੌਕਰ ਦੀ ਤਨਖਾਹ ਵਿਚੋਂ 100/200 ਰੁਪਏ ਦਾ ਮਨੀ ਆਰਡਰ ਉਸਦੇ ਨਜ਼ਦੀਕੀ ਰਿਸ਼ਤੇਦਾਰ ਦੇ ਪਤੇ ਤੇ ਭੇਜਣ, ਮਨੀ ਆਰਡਰ ਪਹੁੰਚਣ ਉਪਰੰਤ ਰਸੀਦ ਦੀ ਫੋਟੋ ਕਾਪੀ ਨੂੰ ਆਪਣੇ ਕਬਜ਼ੇ ਵਿੱਚ ਰੱਖਣ। ਨੌਕਰ ਦੇ ਹੱਥਾਂ ’ਤੇ ਉਂਗਲਾਂ ਦੇ ਨਿਸ਼ਾਨ ਸਬੰਧਤ ਮਾਲਕ ਆਪਣੇ ਰਜਿਸਟਰ ਵਿੱਚ ਦਰਜ ਕਰਨ ਅਤੇ ਇਹ ਸਾਰਾ ਰਿਕਾਰਡ ਸਬੰਧਤ ਪੁਲਿਸ ਥਾਣਾ ਅਤੇ ਚੌਕੀ ਵਿੱਚ ਦਰਜ ਕਰਾਉਣਾ ਯਕੀਨੀ ਬਣਾਉਣਗੇ। ਇਸੇ ਤਰਾਂ ਮਕਾਨ ਮਾਲਕ ਵੀ ਆਪਣੇ ਮਕਾਨ ਵਿੱਚ ਰੱਖੇ ਜਾਣ ਵਾਲੇ ਕਿਰਾਏਦਾਰਾਂ ਦਾ ਪੂਰਾ ਵੇਰਵਾ ਸਬੰਧਤ ਥਾਣੇ/ਪੁਲਿਸ ਚੌਕੀ ਵਿੱਚ ਦਰਜ ਕਰਵਾਉਣ।
ਇਹ ਹੁਕਮ ਮਿਤੀ 25 ਅਗਸਤ 2021 ਤੱਕ ਲਾਗੂ ਰਹਿਣਗੇ ਤੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।