ਜ਼ਿਲੇ ਦੇ ਸਰਕਾਰੀ ਨਸ਼ਾ ਛੁਡਾਓ ਕੇਂਦਰ ਵਿੱਚ 7058 ਮਰੀਜ ਲੈ ਰਹੇ ਹਨ ਨਸ਼ਾ ਛੁਡਾਓ ਦੀ ਦਵਾਈ

ਓਟ ਕਲੀਨਿਕ ਤੇ ਨਸਾ ਛੁਡਾਓ ਕੇਂਦਰ ਵਿੱਚ 1423 ਮਰੀਜ ਪੂਰੀ ਤਰਾਂ ਹੋਏ ਠੀਕ
ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ 25 ਜੂਨ 2021
ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਮੁੜ ਵਸੇਬਾ ਕੇਂਦਰ (ਥੇਹੜੀ), ਦੋ ਨਸਾ ਛੁਡਾਓ ਕੇਂਦਰ ( ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ) ਅਤੇ ਸੱਤ ਓਟ ਕਲੀਨਿਕ (ਸ੍ਰੀ ਮੁਕਤਸਰ ਸਾਹਿਬ,ਮਲੋਟ, ਗਿੱਦੜਬਾਹਾ, ਬਾਦਲ, ਦੋਦਾ, ਚੱਕ ਸੇਰੇਵਾਲਾ, ਆਲਮਵਾਲਾ) ਵਿਖੇ 7058 ਮਰੀਜ ਨਸ਼ਾ ਛੁਡਾਓ ਦੀ ਦਵਾਈ ਲੈ ਰਹੇ ਹਨ, ਇਹ ਜਾਣਕਾਰੀ ਡਾ. ਰੰਜੂ ਸਿੰਗਲਾ ਸਿਵਿਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਸਿਵਲ ਹਸਪਤਾਲ ਗਿੱਦੜਬਾਹਾ ਦਾ ਜਾਇਜਾ ਲੈਣ ਉਪਰੰਤ ਦਿੱਤੀ, ਇਸ ਮੌਕੇ ਡਿਪਟੀ ਮੈਡੀਕਲ ਕਮਿਸਨਰ ਡਾ.ਸੁਨੀਲ ਬਾਂਸਲ ਵੀ ਹਾਜ਼ਰ ਸਨ।
ਉਹਨਾ ਅੱਗੇ ਦੱਸਿਆ ਕਿ ਜ਼ਿਲੇ ਵਿੱਚ ਓਟ ਕਲੀਨਿਕ ਮਈ 2018 ਤੋਂ ਸ਼ੁਰੂ ਹੋਏ ਸਨ ਅਤੇ 3308 ਮਰੀਜਾਂ ਨੇ ਮੁੜ ਵਸੇਬਾ ਕੇਂਦਰ, ਨਸਾ ਛੁਡਾਓ ਕੇਂਦਰ ਅਤੇ ਓਟ ਕਲੀਨਿਕਾਂ ਵਿੱਚ ਜਾ ਕੇ ਆਪਣੀ ਨਸ਼ੇ ਦੀ ਦਵਾਈ ਘਟਾ ਲਈ ਹੈ, ਜਦਕਿ 1423 ਮਰੀਜ ਪੂਰੀ ਤਰਾਂ ਠੀਕ ਹੋ ਕੇ ਆਪਣੀ ਆਮ ਜੀਵਨ ਵਾਲੀ ਜਿੰਦਗੀ ਬਤੀਤ ਕਰ ਰਹੇ ਹਨ।
ਉਹਨਾ ਦੱਸਿਆ ਕਿ ਪਿਛਲੇ ਤਕਰੀਬਨ ਸਾਢੇ ਚਾਰ ਸਾਲਾਂ ਵਿੱਚ ਸ੍ਰੀ ਮੁਕਤਸਰ ਸਾਹਿਬ, ਪਿੰਡਾਂ ਦੇ ਵਸਨੀਕਾਂ ਨੂੰ ਇਹਨਾਂ ਕੇਂਦਰਾਂ ਅਤੇ ਕਲੀਨਿਕਾਂ ਤੋਂ ਬਹੁਤ ਲਾਭ ਹੋਇਆ ਹੈ।
ਉਹਨਾ ਦੱਸਿਆ ਕਿ ਸਰਕਾਰ ਦਾ ਇਹ ਉਪਰਾਲਾ ਉਹਨਾ ਸਾਰੇ ਹੀ ਲੋਕਾਂ ਲਈ ਕੀਤਾ ਗਿਆ ਹੈ, ਜੋ ਇਸ ਇਲਾਕੇ ਵਿੱਚ ਜਿਆਦਾਤਰ ਅਫੀਮ, ਪੋਸਤ ਮੈਡੀਕਲ ਨਸਾ ਅਤੇ ਸਰਾਬ ਵਰਗੇ ਨਸਿਆਂ ਦੀ ਗਿ੍ਰਫਤ ਵਿੱਚ ਫਸ ਚੁੱਕੇ ਹਨ,ਪਰ ਉਹ ਇਸ ਨਸੇ ਦੇ ਜਾਲ ‘ਚੋ ਨਿਕਲਾ ਚਾਹੁੰਦੇ ਹਨ।
ਡਾ. ਸੁਨੀਲ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਨਸ਼ਾ ਛੁਡਾਓ ਕੇਂਦਰਾਂ ਵਿੱਚ ਆਉਣ ਵਾਲੇ ਮਰੀਜ ਦਾ ਤਜਰਬੇਕਾਰ ਡਾਕਟਰਾਂ ਦੀ ਟੀਮ ਵਲੋਂ ਇਲਾਜ ਕੀਤਾ ਜਾਂਦਾ ਹੈ ਤਾਂ ਜੋ ਨਸਾ ਛੱਡ ਚੁੱਕਿਆ ਵਿਅਕਤੀ ਮੁੜ ਇਸ ਜੰਜਾਲ ਵਿੱਚ ਨਾ ਫਸੇ ਅਤੇ ਨਸਾ ਰਹਿਤ ਜੀਵਨ ਬਤੀਤ ਕਰ ਸਕੇ।

Spread the love