ਜ਼ਿਲੇ ਵਿਚ ਰੋਜ਼ਗਾਰ ਪ੍ਰਾਪਤੀ, ਕਿੱਤਾ ਸਿਖਲਾਈ ਅਤੇ ਲੋਨ ਪ੍ਰਾਪਤੀ ਸਬੰਧੀ ਕੈਂਪਾਂ ਦਾ ਆਗਾਜ਼

ਨਵਾਂਸ਼ਹਿਰ, 1 ਜੁਲਾਈ 2021
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਾਂਝੇ ਉੱਦਮ ਨਾਲ ਨਸ਼ਾ ਮੁਕਤ ਭਾਰਤ ਅਭਿਆਨ ਅਧੀਨ ਰੋਜ਼ਗਾਰ ਪ੍ਰਾਪਤੀ (ਪਲੇਸਮੈਂਟ), ਰੋਜ਼ਗਾਰ ਲਈ ਕਿੱਤਾ ਸਿਖਲਾਈ ਲੈਣ ਅਤੇ ਲੋਨ ਪ੍ਰਾਪਤ ਕਰਨ ਸਬੰਧੀ ਰਜਿਸਟ੍ਰੇਸ਼ਨ ਕੈਂਪਾਂ ਦਾ ਆਗਾਜ਼ ਜ਼ਿਲਾ ਹਸਪਤਾਲ ਨਵਾਂਸ਼ਹਿਰ ਤੋਂ ਕੀਤਾ ਗਿਆ। ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ ਵੱਲੋਂ ਰੀਬਨ ਕੱਟ ਕੇ ਇਨਾਂ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨਾਂ ਨੌਜਵਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ, ਕਿੱਤਾ ਚਲਾਉਣ ਲਈ ਕਰਜ਼ਾ ਪ੍ਰਾਪਤ ਕਰਨ ਦੀ ਸਹੂਲਤ ਅਤੇ ਕਿੱਤਾ ਸਿਖਲਾਈ ਸਬੰਧੀ ਉਚੇਚੇ ਪ੍ਰੋਗਰਾਮ ਉਲੀਕੇ ਗਏ ਹਨ। ਉਨਾਂ ਦੱਸਿਆ ਕਿ ਜ਼ਿਲੇ ਵਿਚ ਅਜਿਹੇ ਸੱਤ ਕੈਂਪ ਲਗਾਏ ਜਾ ਰਹੇ ਹਨ, ਜਿਨਾਂ ਵਿਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਰਜਿਸਟਰ ਕਰ ਕੇ ਸਰਕਾਰ ਦੀਆਂ ਇਨਾਂ ਸਹੂਲਤਾਂ ਦਾ ਲਾਭ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਜੁਲਾਈ ਅਤੇ ਅਗਸਤ ਵਿਚ ਵੱਖ-ਵੱਖ ਥਾਵਾਂ ’ਤੇ ਲੱਗਣ ਵਾਲੇ ਇਨਾਂ ਕੈਂਪਾਂ ਦਾ ਲਾਭਪਾਤਰੀ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਲਾਭ ਪ੍ਰਾਪਤ ਕਰ ਸਕਦੇ ਹਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਆਮ ਲੋਕਾਂ ਅਤੇ ਨਸ਼ਾ ਕਰਨ ਵਾਲੇ ਮਰੀਜ਼ਾਂ ਨੂੰ ਇਨਾਂ ਕੈਂਪਾਂ ਜ਼ਰੀਏ ਵੱਡਾ ਲਾਭ ਪ੍ਰਾਪਤ ਹੋਵੇਗਾ। ਉਨਾਂ ਕਿਹਾ ਕਿ ਇਸ ਨਾਲ ਜਿਥੇ ਬੇਰੁਜ਼ਗਾਰੀ ਦੀ ਦਰ ਨੂੰ ਘਟਾਇਆ ਜਾ ਸਕੇਗਾ, ਉਥੇ ਨਸ਼ਾ ਕਰਨ ਵਾਲੇ ਮਰੀਜ਼ਾਂ ਨੂੰ ਕਿੱਤਾ ਜਾਂ ਕਰਜ਼ਾ ਮੁਹੱਈਆ ਕਰਵਾ ਕੇ ਮੁੱਖ ਧਾਰਾ ਨਾਲ ਜੋੜਿਆ ਜਾ ਸਕੇਗਾ। ਉਨਾਂ ਕਿਹਾ ਕਿ ਇਸ ਨਾਲ ਪੰਜਾਬ ਵਿਚ ਨਸ਼ਾ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ ਵੱਡੇ ਪੱਧਰ ’ਤੇ ਘਟੇਗੀ।
ਜ਼ਿਲਾ ਕੁਆਰਡੀਨੇਟਰ ਵਿਵਹਾਰ ਪਰਿਵਰਤਨ-ਕਮ-ਡਿਪਟੀ ਨੋਡਲ ਅਫ਼ਸਰ ਨਸ਼ਾ ਮੁਕਤ ਭਾਰਤ ਅਭਿਆਨ ਨੇ ਇਸ ਮੌਕੇ ਦੱਸਿਆ ਕਿ ਨੌਜਵਾਨਾਂ ਨੂੰ ਸਹੀ ਸੇਧ ਦੇਣ ਅਤੇ ਮੁੱਖ ਧਾਰਾ ਨਾਲ ਜੋੜਨ ਲਈ ਵੱਡੇ ਪੱਧਰ ’ਤੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਸ ਸਦਕਾ ਵੱਧ ਤੋਂ ਵੱਧ ਨਸ਼ਾ ਕਰਨ ਵਾਲੇ ਮਰੀਜ਼ਾਂ ਨੂੰ ਰਜਿਸਟਰ ਕਰਵਾ ਕੇ ਓਟ ਸੈਂਟਰਾਂ ਰਾਹੀਂ ਉਨਾਂ ਨੂੰ ਮੁਫ਼ਤ ਨਸ਼ਾ ਮੁਕਤੀ ਦੀ ਦਵਾਈ ਮੁਹੱਈਆ ਕਰਵਾਈ ਜਾ ਰਹੀ ਹੈ।
ਜ਼ਿਲਾ ਸਾਈਕੈਟਿ੍ਰਸਟ ਡਾ. ਰਜਿੰਦਰ ਮਾਗੋ ਨੇ ਇਸ ਮੌਕੇ ਦੱਸਿਆ ਕਿ ਜ਼ਿਲੇ ਵਿਚ ਨਸ਼ਾ ਮੁਕਤੀ ਅਤੇ ਮਾਨਸਿਕ ਰੋਗਾਂ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰ ਕੇ ਉਨਾਂ ਨੂੰ ਸਿਹਤ ਸਿੱਖਿਆ ਅਤੇ ਮੁਫ਼ਤ ਦਵਾਈ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਕਿ ਨਸ਼ਾ ਇਕ ਮਾਨਸਿਕ ਰੋਗ ਹੈ, ਜਿਸ ਨੂੰ ਛੱਡਣ ਲਈ ਦਿ੍ਰੜ ਇਰਾਦੇ ਦਾ ਹੋਣਾ ਬੇਹੱਦ ਜ਼ਰੂਰੀ ਹੈ। ਉਨਾਂ ਕਿਹਾ ਕਿ ਸਾਡੇ ਕੋਲ ਹੁਣ ਤੱਕ ਸੈਂਕੜੇ ਮਰੀਜ਼ ਦਵਾਈ ਅਤੇ ਕਾਊਂਸਲਿੰਗ ਸੇਵਾਵਾਂ ਜ਼ਰੀਏ ਨਸ਼ਾ ਮੁਕਤ ਹੋ ਚੁੱਕੇ ਹਨ ਅਤੇ ਨਸ਼ਾ ਮੁਕਤੀ ਮੁਹਿੰਮ ਵਿਚ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਵਿਚੋਂ ਪਹਿਲੇ ਨੰਬਰ ’ਤੇ ਹੈ ਜੋ ਕਿ ਵੱਡੇ ਮਾਣ ਵਾਲੀ ਗੱਲ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਨਵਾਂਸ਼ਹਿਰ ਡਾ. ਮਨਦੀਪ ਕਮਲ ਨੇ ਲਾਭਪਾਤਰੀਆਂ ਨੂੰ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਸਕੀਮਾਂ ਅਤੇ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ।
ਇਸ ਦੌਰਾਨ ਟੀਮ ਵੱਲੋਂ ਤਿੰਨੋਂ ਪ੍ਰਕਾਰ ਦੀਆਂ ਸਹੂਲਤਾਂ ਲੈਣ ਵਾਲੇ ਲਾਭਪਾਤਰੀਆਂ ਦੇ ਨਾਮ ਰਜਿਸਟਰਡ ਕੀਤੇ ਗਏ। ਇਸ ਮੌਕੇ ਸਾਈਕੈਟਿ੍ਰਸਟ ਡਾ. ਨਵਨੀਤ ਕੌਰ, ਕਾਊਂਸਲਰ ਰੇਣੁਕਾ ਕਲੇਰ, ਕਾਊਂਸਲਿਰ ਮਨਦੀਪ ਸਿੰਘ, ਹੁਨਰ ਵਿਕਾਸ ਕੇਂਦਰ ਤੋਂ ਸ਼ੰਮੀ ਠਾਕੁਰ, ਸੁਖਵਿੰਦਰ ਸਿੰਘ, ਸਟਾਫ ਨਰਸ ਜਸਪੀ੍ਰਤ ਕੌਰ, ਭਾਰਤ ਭੂਸ਼ਣ, ਗੁਰਪ੍ਰੀਤ ਸਿੰਘ, ਵਿੱਕੀ ਦੁੱਗਲ ਅਤੇ ਮੈਡਮ ਗਿੰਨੀ ਹਾਜ਼ਰ ਸਨ।
ਕੈਂਪਾਂ ਦਾ ਆਗਾਜ਼ ਕਰਦੇ ਹੋਏ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ। ਨਾਲ ਹਨ ਡਾ. ਮਨਦੀਪ ਕਮਲ, ਡਾ. ਹਰਪ੍ਰੀਤ ਸਿੰਘ, ਗੁਰਪ੍ਰਸ਼ਾਦ ਸਿੰਘ ਤੇ ਹੋਰ।

Spread the love