ਤਰਨ ਤਾਰਨ, 07 ਅਗਸਤ 2021
ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਹਰ ਬੱਚੇ ਤੱਕ ਉੱਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਹਿੱਤ ਵੱਖ-ਵੱਖ ਪ੍ਰੋਜੈਕਟ ਚਲਾਏ ਜਾ ਰਹੇ ਹਨ। ਇਹਨਾਂ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਦੇ ਉਦੇਸ਼ ਨਾਲ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ, ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਸ਼੍ਰੀ ਪਰਮਜੀਤ ਸਿੰਘ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਅਚਨਚੇਤ ਨਿਰੀਖਣ ਕੀਤਾ ਗਿਆ।
ਸਿੱਖਿਆ ਅਧਿਕਾਰੀਆਂ ਵੱਲੋਂ ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਰਾਇਪੁਰ ਬਲੀਮ, ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਪਰਿੰਗੜੀ, ਸਰਕਾਰੀ ਪ੍ਰਾਇਮਰੀ ਸਕੂਲ ਨਬੀਪੁਰ, ਸਰਕਾਰੀ ਪ੍ਰਾਇਮਰੀ ਸਕੂਲ ਜਿੰਦਾਵਾਲਾ, ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਹਰੀਕੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਰਹਾਣਾ ਸਕੂਲਾਂ ਵਿਖੇ ਪ੍ਰੇਰਨਾਦਾਇਕ ਵਿਜ਼ਟ ਕੀਤੀ ਗਈ।
ਇਸ ਵਿਜ਼ਟ ਦੇ ਦੌਰਾਨ ਉਨ੍ਹਾਂ ਵਿਭਾਗ ਵੱਲੋਂ ਭੇਜੀਆਂ ਗ੍ਰਾਂਟਾਂ ਦੀ ਵਰਤੋਂ ਬਾਰੇ ਸਕੂਲ ਮੁਖੀਆਂ ਨਾਲ ਗੱਲਬਾਤ ਕੀਤੀ ਅਤੇ ਪੈਡਿੰਗ ਕੰਮਾਂ ਨੂੰ ਵਿਭਾਗੀ ਹਦਾਇਤਾਂ ਅਨੁਸਾਰ ਜਲਦ ਪੂਰਾ ਕਰਨ ਲਈ ਕਿਹਾ।ਇਸ ਤੋਂ ਇਲਾਵਾ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਨੈਸ਼ਨਲ ਅਚੀਵਮੈਂਟ ਸਰਵੇ ਬਾਰੇ ਵਿਸਥਾਰ ਨਾਲ ਸਕੂਲ ਮੁਖੀਆਂ ਅਤੇ ਅਧਿਆਪਕਾਂ ਨਾਲ ਵਿਚਾਰ ਚਰਚਾ ਕੀਤੀ ਗਈ।ਇਸ ਦੇ ਨਾਲ ਹੀ ਉਹਨਾਂ ਨੈਸ ਆਧਾਰਿਤ ਪ੍ਰਸ਼ਨਾਂ ਸਬੰਧੀ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਕੋਵਿਡ 19 ਮਹਾਂਮਾਰੀ ਤੋਂ ਬਚਾਅ ਲਈ ਹਦਾਇਤਾਂ ਦੀ ਪਾਲਣਾ ਕਰਦਿਆਂ ਨੈਸ ਦੀ ਤਿਆਰੀ ਵਿੱਚ ਜੁੱਟ ਜਾਣ ਲਈ ਪ੍ਰੇਰਿਤ ਕੀਤਾ। ਸਕੂਲ ਮੁਖੀ ਸਾਹਿਬਾਨ ਅਤੇ ਅਧਿਆਪਕਾਂ ਨੂੰ ਵੀ ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਆਪਸੀ ਦੂਰੀ ਬਣਾ ਕੇ ਰੱਖਣ,ਵਾਰ ਵਾਰ ਹੱਥ ਧੋਣ ਅਤੇ ਹੋਰ ਜ਼ਰੂਰੀ ਹਦਾਇਤਾਂ ਬਾਰੇ ਬੱਚਿਆਂ ਨਾਲ ਰੋਜ਼ਾਨਾ ਤੌਰ ਤੇ ਗੱਲਬਾਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।
ਇਸ ਤੋਂ ਇਲਾਵਾ ਦਾਖ਼ਲਾ ਮੁਹਿੰਮ 2021 “ਈਚ ਵੰਨ ਬਰਿੰਗ ਵੰਨ” ਸਮਾਰਟ ਸਕੂਲ ਮੁਹਿੰਮ , ਸੋਹਣੇ ਸਕੂਲ ਸੋਹਣਾ ਫਰਨੀਚਰ, ਆਨਲਾਈਨ ਸਿੱਖਿਆ ਸਬੰਧੀ ਸਕੂਲ ਮੁਖੀਆਂ ਅਤੇ ਸਟਾਫ਼ ਨਾਲ ਗੱਲਬਾਤ ਕੀਤੀ ਗਈ।
ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਦੀਆਂ ਗਰਾਊਂਡ, ਬਾਹਰਲੀ ਕੰਧ ਅਤੇ ਕਮਰਿਆਂ ਦੀਆਂ ਛੱਤਾਂ ਦੀ ਸਾਫ਼ ਸਫ਼ਾਈ ਦਾ ਵਿਸ਼ੇਸ਼ ਤੌਰ ‘ਤੇ ਧਿਆਨ ਦੇਣ ਲਈ ਕਿਹਾ ਅਤੇ ਸਕੂਲ ਦੀ ਦਿੱਖ ਨੂੰ ਸ਼ਾਨਦਾਰ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਸਿੱਖਿਆ ਖੇਤਰ ਵਿੱਚ ਕੀਤੀ ਵਧੀਆ ਕਾਰਗੁਜ਼ਾਰੀ ਲਈ ਉਹਨਾਂ ਵੱਲੋਂ ਸਕੂਲ ਮੁਖੀ ਸਾਹਿਬਾਨ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਗਈ।