ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਕਚਹਿਰੀਆਂ ਕੰਪਲੈਕਸ ‘ਚ ਵੈਕਸੀਨੇਸ਼ਨ ਕੈਂਪ ਆਯੋਜਿਤ

ਲੁਧਿਆਣਾ, 30 ਜੁਲਾਈ 2021 ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ੍ਰੀ ਪੀ. ਐਸ. ਕਾਲੇਕਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ-ਰੇਖ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਅੱਜ ਜਿਲ੍ਹਾ ਕਚਹਿਰੀਆਂ ਕੰਪਲੈਕਸ, ਲੁਧਿਆਣਾ ਵਿੱਚ ਕੋਰੋਨਾ ਵਾਇਰਸ (Covid-19) ਤੋਂ ਬਚਾਅ ਲਈ ਸਪੈਸ਼ਲ ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕਰਵਾਇਆ ਗਿਆ।
ਇਸ ਕੈਂਪ ਵਿੱਚ ਜਿਲ੍ਹਾ ਕਚਹਿਰੀਆਂ, ਲੁਧਿਆਣਾ ਵਿੱਚ ਤੈਨਾਤ ਵੱਖ-ਵੱਖ ਜੱਜ ਸਾਹਿਬਾਨ, ਨਿਆਂਇਕ ਅਦਾਲਤਾਂ ਵਿੱਚ ਤੈਨਾਤ ਕਰਮਚਾਰੀਆਂ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਮੁਫਤ ਕਾਨੂੰਨੀ ਸਹਾਇਤਾ ਸਕੀਮ ਦੇ ਪੈਨਲ ‘ਤੇ ਕੰਮ ਕਰ ਰਹੇ ਐਡਵੋਕੇਟਸ ਨੂੰ ਕੋਰੋਨਾ ਵਾਇਰਸ (Covid-19) ਤੋਂ ਬਚਾਅ ਲਈ ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਗਈ। ਇਸ ਕੈਂਪ ਵਿੱਚ ਸਿਵਲ ਸਰਜਨ, ਲੁਧਿਆਣਾ ਵੱਲੋਂ ਭੇਜੀ ਗਈ ਟੀਮ ਜਿਸ ਵਿੱਚ ਏ.ਐਨ.ਐਮ. ਕੁਲਵੰਤ ਕੌਰ ਅਤੇ ਸ੍ਰੀ ਸਮਰਬੀਰ ਸਿੰਘ, ਵਲੰਟੀਅਰ ਸ਼ਾਮਲ ਸਨ, ਵੱਲੋਂ ਜੱਜ ਸਾਹਿਬਾਨ, ਸਟਾਫ ਮੈਂਬਰਾਂ ਅਤੇ ਪੈਨਲ ਐਡਵੋਕੇਟਸ ਦਾ ਟੀਕਾਕਰਣ ਕੀਤਾ ਗਿਆ।
ਇਸ ਮੌਕੇੇ ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਵੈਕਸੀਨ ਪੂਰਨ ਤੌਰ ‘ਤੇ ਸੁਰੱਖਿਅਤ ਹੈ ਅਤੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਲਈ ਬਹੁਤ ਉਪਯੋਗੀ ਹੈ । ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਕਿ ਕੋਰੋਨਾ ਵਾਇਰਸ ਨੂੰ ਹਰਾਉਣ ਅਤੇ ਇਸ ਤੋਂ ਬਚਾਅ ਲਈ ਸਾਨੂੰ ਸਭਨਾਂ ਨੂੰ ਛੇਤੀ ਤੋਂ ਛੇਤੀ ਆਪੋ-ਆਪਣੀ ਵੈਕਸੀਨੇਸ਼ਨ ਕਰਵਾ ਲੈਣੀ ਚਾਹੀਦੀ ਹੈ।

Spread the love