ਜ਼ਿਲ੍ਹਾ ਤਰਨ ਤਾਰਨ ਵਿੱਚ 206 ਕੈਂਸਰ ਦੇ ਮਰੀਜ਼ਾਂ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ 1,50,000 ਰੁਪਏ ਦੀ ਵਿੱਤੀ ਮੱਦਦ ਦਾ ਲਿਆ ਲਾਭ-ਡਿਪਟੀ ਕਮਿਸ਼ਨਰ

ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਮਰੀਜ਼ ਨੂੰ ਇਲਾਜ ਲਈ ਮੁਹੱਈਆ ਕਰਵਾਈ ਜਾਂਦੀ ਹੈ ਵਿੱਤੀ ਸਹਾਇਤਾ
ਤਰਨ ਤਾਰਨ, 19 ਜੂਨ 2021
ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਅਧੀਨ ਲੋਕਾਂ ਨੂੰ ਜ਼ਮੀਨੀ ਪੱਧਰ ‘ਤੇ ਬਿਹਤਰ ਇਲਾਜ ਅਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਵੱਖ-ਵੱਖ ਸਿਹਤ ਪ੍ਰੋਗਰਾਮ ਚਲਾਏ ਜਾ ਰਹੇ ਹਨ । ਕੈਂਸਰ ਦੇ ਇਲਾਜ ਲਈ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਇਨ੍ਹਾਂ ਵਿਚੋਂ ਇੱਕ ਹੈ, ਜਿਸ ਤਹਿਤ ਕੈਂਸਰ ਦੇ ਮਰੀਜ਼ ਨੂੰ ਇਲਾਜ ਲਈ 1,50,000 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ ।
ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕੋਰੋਨਾ ਮਹਾਮਾਰੀ ਕਾਰਨ, ਜਿੱਥੇ ਸਿਹਤ ਕਰਮਚਾਰੀ ਕੋਰੋਨਾ ਨੂੰ ਹਰਾਉਣ ਲਈ ਜੰਗ ਵਿੱਚ ਰੁੱਝੇ ਹੋਏ ਹਨ, ਉੱਥੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਪ੍ਰਤੀ ਵੀ ਸਿਹਤ ਵਿਭਾਗ ਚੌਕਸ ਰਿਹਾ ਹੈ । ਉਹਨਾਂ ਦੱਸਿਆ ਕਿ ਇਸ ਕੋਰੋਨਾ ਕਾਲ ਦੌਰਾਨ ਇਸ ਸਕੀਮ ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ 206 ਕੈਂਸਰ ਦੇ ਮਰੀਜ਼ਾਂ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ 1,50,000 ਰੁਪਏ ਦੀ ਵਿੱਤੀ ਮੱਦਦ ਦਾ ਲਾਭ ਲਿਆ ਹੈ, ਜਿਨ੍ਹਾਂ ਦਾ ਇਲਾਜ ਪੰਜਾਬ ਸਰਕਾਰ ਵੱਲੋ ਸੂਚੀਬੱਧ ਕੀਤੇ ਗਏ ਹਸਪਤਾਲਾ ਵਿੱਚ ਚੱਲ ਰਿਹਾ ਹੈ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਪੰਜਾਬ ਸਰਕਾਰ ਵੱਲੋਂ ਸੂਚੀਬੱਧ ਕੀਤੇ ਗਏ ਹਸਪਤਾਲਾਂ ਵਿਖੇ ਕੈਂਸਰ ਦਾ ਇਲਾਜ ਕੀਤਾ ਜਾ ਰਿਹਾ ਹੈ ।ਉਹਨਾਂ ਦੱਸਿਆ ਕਿ 09 ਸਰਕਾਰੀ ਅਤੇ 10 ਪ੍ਰਾਈਵੇਟ ਹਸਪਤਾਲਾਂ ਵਿਖੇ ਕੈਂਸਰ ਦਾ ਇਲਾਜ ਕੀਤਾ ਜਾ ਰਿਹਾ ਹੈ , ਜਿਨ੍ਹਾਂ ਵਿੱਚ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ, ਅੰਮ੍ਰਿਤਸਰ, ਫਰੀਦਕੋਟ, 32 ਸੈਕਟਰ ਚੰਡੀਗੜ੍ਹ, ਏਮਜ਼ ਦਿੱਲੀ, ਪੀ. ਜੀ. ਆਈ. ਚੰਡੀਗੜ੍ਹ, ਐਡਵਾਂਸ ਕੈਂਸਰ ਡਾਇਗਨੋਜ਼ ਐਂਡ ਟਰੀਟਮੈਂਟ ਰਿਸਰਚ ਸੈਂਟਰ ਬਠਿੰਡਾ, ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ, ਆਚਾਰਯ, ਤੁਲਸੀ ਰੀਜਨਲ ਕੈਂਸਰ ਸੈਂਟਰ ਐਡ ਹਸਪਤਾਲ ਬੀਕਾਨੇਰ ਰਾਜਸਥਾਨ ਅਤੇ ਪ੍ਰਾਈਵੇਟ ਹਸਪਤਾਲ ਜਿਨ੍ਹਾਂ ਵਿੱਚ ਕੈਪੀਟੋਲ ਅਤੇ ਪਟੇਲ ਹਸਪਤਾਲ ਜਲੰਧਰ, ਡੀਐਮਸੀ, ਸੀਐਮਸੀ ਅਤੇ ਮੋਹਨਦਾਈ ਕੈਂਸਰ ਹਸਪਤਾਲ ਲੁਧਿਆਣਾ, ਐੱਸਜੀਆਰਡੀ ਚੈਰੀਟੇਬਲ ਹਸਪਤਾਲ ਅੰਮ੍ਰਿਤਸਰ, ਆਈਵੀਵਾਈ ਹਸਪਤਾਲ ਅਤੇ ਐਂਡ ਰੇਡੀਏਸ਼ਨ ਟੈਕਨਾਲੋਜੀ ਮੋਹਾਲੀ ਅਤੇ ਮੈਕਸ ਹਸਪਤਾਲ ਮੋਹਾਲੀ ਅਤੇ ਬਠਿੰਡਾ ਸ਼ਾਮਲ ਹਨ ।
ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਜਿੰਨਾ ਜਲਦੀ ਕੈਂਸਰ ਦੀ ਪਹਿਚਾਣ ਹੋਵੇਗੀ, ਇਸ ਬਿਮਾਰੀ ਨੂੰ ਗੰਭੀਰ ਰੂਪ ਅਖਤਿਆਰ ਕਰਨ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ । ਉਨ੍ਹਾਂ ਦੱਸਿਆ ਕਿ ਛਾਤੀ ਵਿੱਚ ਗਿਲਟੀ/ਗੰਢ ਹਾਲ ਹੀ ਵਿੱਚ ਨਿੱਪਲ ਦਾ ਅੰਦਰ ਧੱਸਣਾ, ਨਿੱਪਲ ਵਿੱਚੋਂ ਖੂਨ ਮਿਲਿਆ ਮਵਾਦ ਵਗਣਾ, ਮੂੰਹ/ਮਸੂੜੇ/ਤਲੂਏ ਜਾਂ ਜੀਭ ਤੇ ਨਾ ਠੀਕ ਹੋਣ ਵਾਲਾ ਜਖ਼ਮ, ਪੁਰਾਣੇ ਜ਼ਖਮ ਵਿੱਚੋਂ ਖੂਨ ਵਗਣਾ, ਲਗਾਤਾਰ ਲੰਮੀ ਖ਼ਾਸੀ, ਬਲਗਮ ਵਿੱਚ ਖੂਨ, ਵਜ਼ਨ ਘਟਣ ਦੇ ਨਾਲ-ਨਾਲ ਨਾ ਠੀਕ ਹੋਣ ਵਾਲਾ ਪੀਲੀਆ, ਸਰੀਰ ਵਿੱਚ ਖੂਨ ਦੀ ਕਮੀ, ਬਿਨਾਂ ਵਜ੍ਹਾ ਤਿੰਨ ਮਹੀਨਿਆਂ ਤੋਂ ਵੱਧ ਬੁਖ਼ਾਰ, ਦਰਦ, ਪਿਸ਼ਾਬ ਵਿੱਚ ਖੂਨ, ਪਿਸ਼ਾਬ ਵਿੱਚ ਰੁਕਾਵਟ ਆਦਿ ਕੈਂਸਰ ਦੀ ਬਿਮਾਰੀ ਦੇ ਲੱਛਣ ਹਨ ।
ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਦੀ ਵਧੇਰੇ ਜਾਣਕਾਰੀ ਵੈਬਸਾਈਟ http:/.mmpcrk.govin/ ਅਤੇ ਟੋਲ ਫ੍ਰੀ ਨੰਬਰ 104 ਮੈਡੀਕਲ ਹੈਲਪਲਾਈਨ ‘ਤੇ ਸੰਪਰਕ ਕੀਤਾ ਜਾ ਸਕਦਾ ਹੈ ।