ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਰਾਜਿੰਦਰ ਅਗਰਵਾਲ ਨੇ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਸਕੂਲੀ ਵਿਦਿਆਰਥੀਆਂ ਨੂੰ ਵੰਡਣ ਲਈ ਅਧਿਆਪਕਾਂ ਨੂੰ ਸੌਂਪੇ ਮਾਸਕ

ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਹੋਰ ਸਮਾਜ ਸੇਵੀ ਸੰਸਥਾਵਾਂ ਵੀ ਲੋੜਵੰਦਾਂ ਨੂੰ ਮਾਸਕ ਦੇਣ ਲਈ ਅੱਗੇ ਆਉਣ-ਅਗਰਵਾਲ
ਪਟਿਆਲਾ, 15 ਜੁਲਾਈ 2021
ਪਟਿਆਲਾ ਦੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਰਾਜਿੰਦਰ ਅਗਰਵਾਲ ਨੇ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਅੱਜ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੰਡਣ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕਰਵਾਏ ਗਏ ਮਾਸਕ ਇਨ੍ਹਾਂ ਸਕੂਲਾਂ ਦੇ ਪ੍ਰਿੰਸੀਪਲਾ ਨੂੰ ਸੌਂਪੇ।
ਇਸ ਮੌਕੇ ਸ੍ਰੀ ਅਗਰਵਾਲ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਤੋਂ ਬਚਾਅ ਹਿਤ ਮਾਸਕ ਵੰਡਣ ਦਾ ਇਹ ਨਿਵੇਕਲਾ ਪ੍ਰਾਜੈਕਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ-ਕਮ-ਜੇਲ ਕਮੇਟੀ ਦੇ ਚੇਅਰਮੈਨ ਜਸਟਿਸ ਰਾਜਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ੁਰੂ ਕੀਤਾ ਗਿਆ ਸੀ।
ਸ੍ਰੀ ਅਗਰਵਾਲ ਨੇ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਸਕੂਲੀ ਬੱਚਿਆਂ ਨੂੰ ਕੋਵਿਡ ਤੋਂ ਬਚਣ ਲਈ ਸਾਰੇ ਲੋੜੀਂਦੇ ਇਹਤਿਆਤ ਵਰਤਣ ਲਈ ਜਾਗਰੂਕ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਕਰੋਨਾ ਵਾਇਰਸ ਬਚਾਅ ਲਈ ਸੂਬਾ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਪਾਬੰਦੀਆਂ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਇੱਕ ਭਿਆਨਕ ਬਿਮਾਰੀ ਹੈ, ਜਿਸ ਤੋਂ ਬਚਾਅ ਕੇਵਲ ਸਾਵਧਾਨੀਆਂ ਵਰਤ ਕੇ ਹੀ ਹੋ ਸਕਦਾ ਹੈ।
ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਰਾਜਨ ਗੁਪਤਾ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਗਿਆ ਸੂਬੇ ਦਾ ਇਹ ਪਹਿਲਾਂ ਪ੍ਰੋਜੈਕਟ ਸੀ, ਜਿਥੇ ਜੇਲ ਅੰਦਰ ਮਾਸਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੋਵੇ।
ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਜੇਲਾਂ ਦੇ ਬੰਦੀਆਂ ਦਾ ਵਿਹਲਾ ਸਮਾਂ ਸਮਾਜ ਸੇਵੀ ਕਾਰਜ ‘ਚ ਖ਼ਰਚ ਹੁੰਦਾ ਹੈ ਉਥੇ ਹੀ ਉਨ੍ਹਾਂ ਵੱਲੋਂ ਦਿਖਾਈ ਦਿਲਚਸਪੀ ਹੋਰਨਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣਦੀ ਹੈ। ਇਸ ਤੋਂ ਬਿਨ੍ਹਾਂ ਮਾਸਕ ਬਣਾਉਣ ਵਾਲੇ ਬੰਦੀਆਂ ਦੇ ਕੀਤੇ ਨੇਕ ਕੰਮ ਨੂੰ ਉਨ੍ਹਾਂ ਦੇ ਚੰਗੇ ਆਚਰਣ ਲਈ ਅਤੇ ਪੈਰੋਲ ਆਦਿ ਦੇਣ ਸਮੇਂ ਵਿਚਾਰਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨ, ਸਰਕਾਰੀ ਹਾਈ ਸਕੂਲ ਗਾਂਧੀ ਨਗਰ, ਸਰਕਾਰੀ ਹਾਈ ਸਕੂਲ ਭਾਨਰਾ, ਸਰਕਾਰੀ ਹਾਈ ਸਕੂਲ ਪਿੱਪਲ ਖੇੜੀ ਅਤੇ ਸਰਕਾਰੀ ਹਾਈ ਸਕੂਲ ਮੰਜਾਲ ਕਲਾ ਦੇ ਪ੍ਰਿੰਸੀਪਲਾਂ ਨੂੰ ਦੋ ਹਜ਼ਾਰ ਮਾਸਕ ਸੌਂਪੇ ਗਏ।
ਜ਼ਿਲ੍ਹਾ ਤੇ ਸੈਸ਼ਨਜ ਜੱਜ ਸ੍ਰੀ ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਇਹ ਮਾਸਕ ਉੱਚ ਕੁਆਲਿਟੀ ਦੇ ਹਨ ਅਤੇ ਇਨ੍ਹਾਂ ਨੂੰ ਧੋਣ ਤੋਂ ਬਾਅਦ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇਲਾਂ ਵਿੱਚ ਮਾਸਕ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ, ਜਿੱਥੇ ਐਨ.ਜੀ.ਓ. ਗਲੋਬਲ ਹਿਊਮਨ ਸਰਵਿਸਜ਼ ਅਤੇ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ ਮਾਸਕ ਬਣਾਉਣ ਲਈ ਲੋੜੀਂਦਾ ਸਮਾਨ ਉਪਲਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਉਪਰਾਲੇ ਲਈ ਅੱਗੇ ਆਉਣ।
ਇਸ ਮੌਕੇ ਸਿਵਲ ਜੱਜ ਸੀਨੀਅਰ ਡਵੀਜ਼ਨ ਸ੍ਰੀਮਤੀ ਮੋਨਿਕਾ ਸ਼ਰਮਾ, ਵਧੀਕ ਸਿਵਲ ਜੱਜ ਸ੍ਰੀ ਅਮਿਤ ਮਲਹਨ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ-ਕਮ-ਸੀ.ਜੇ.ਐਮ. ਮਿਸ ਪਰਮਿੰਦਰ ਕੌਰ, ਪ੍ਰਧਾਨ ਗਲੋਬਲ ਸਰਵਿਸਜ਼ ਸ੍ਰੀ ਬਿਸ਼ਨ ਦਾਸ, ਪ੍ਰਧਾਨ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਇੰਦਰਪ੍ਰੀਤ ਸਿੰਘ ਅਤੇ ਸਕੂਲਾਂ ਦੇ ਅਧਿਆਪਕ ਵੀ ਮੌਜੂਦ ਸਨ।
ਫੋਟੋ ਕੈਪਸ਼ਨ: ਜੇਲ੍ਹਾਂ ‘ਚ ਬਣੇ ਮਾਸਕ ਪਟਿਆਲਾ ਜਿਲ਼੍ਹੇ ਦੇ ਸਕੂਲੀ ਵਿਦਿਆਰਥੀਆਂ ਨੂੰ ਵੰਡੇ ਜਾਣ ਲਈ ਅਧਿਆਪਕਾਂ ਨੂੰ ਮਾਸਕ ਸੌਂਪਦੇ ਹੋਏ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਾਜਿੰਦਰ ਅਗਰਵਾਲ।

Spread the love