ਐਸ.ਏ.ਐਸ.ਨਗਰ, 3 ਅਗਸਤ 2021
ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ ਸ੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ/ਸੇਂਟ ਜਾਨ ਐਂਬੂਲੈਂਸ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਮਰਾ ਨੰਬਰ 402, ਤੀਜੀ ਮੰਜ਼ਿਲ, ਸੈਕਟਰ-76 ਵਿਖੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ, ਵੱਖ ਵੱਖ ਉਦਯੋਗਿਕ ਖੇਤਰਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ, ਕਮਰਸ਼ੀਅਲ ਡਰਾਈਵਰਾਂ, ਕੰਡਕਟਰਾਂ, ਆਦਿ ਨੂੰ ਫਸਟ ਏਡ ਟਰੇਨਿੰਗ (ਮੁੱਢਲੀ ਡਾਕਟਰੀ ਸਹਾਇਤਾ ਬਾਰੇ ਸਿਖਲਾਈ) ਦਿੱਤੀ ਗਈ ਹੈ।
ਜ਼ਿਲ੍ਹਾ ਰੈੱਡ ਕਰਾਸ ਅਤੇ ਸੇਂਟ ਜ਼ੋਨ ਐਂਬੂਲੈਂਸ ਸ਼ਾਖਾ, ਐਸ.ਏ.ਐਸ. ਨਗਰ ਵੱਲੋਂ ਹੁਣ ਤੱਕ ਸਕੂਲਾਂ, ਕਾਲਜਾਂ, ਵੱਖ-ਵੱਖ ਉਦਯੋਗਿਕ ਖੇਤਰਾਂ, ਕੰਡਕਟਰਾਂ ਅਤੇ ਕਰਮਚਾਰੀਆਂ ਸਮੇਤ 16,000 ਤੋਂ ਵੱਧ ਉਮੀਦਵਾਰਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ਜ਼ਿਲ੍ਹਾ ਟ੍ਰੇਨਿੰਗ ਸੁਪਰਵਾਈਜ਼ਰ ਸੁਖਵੰਤ ਸਿੰਘ ਨੇ ਮੁੱਢਲੀ ਡਾਕਟਰੀ ਸਹਾਇਤਾ ਸਬੰਧੀ ਦੱਸਿਆ ਕਿ ਕਿਵੇਂ ਕੋਈ ਘਟਨਾ ਵਾਪਰਨ ਸਮੇਂ ਐਂਬੂਲੈਂਸ ਆਉਣ ਤੋਂ ਪਹਿਲਾਂ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇ ਕੇ ਉਸ ਦੀ ਜਾਨ ਬਚਾਈ ਜਾ ਸਕਦੀ ਹੈ। ਸਰਕਾਰ ਦੇ 1989 ਐਕਟ ਦੇ ਮੁਤਾਬਕ ਕਮਰਸ਼ੀਅਲ ਡਰਾਈਵਰਾਂ ਕੋਲ ਫਸਟ ਏਡ ਦੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਕਮਰਸ਼ੀਅਲ ਗੱਡੀਆਂ ਦੇ ਡਰਾਈਵਰਾਂ ਦੇ ਲਾਇਸੈਂਸ ਬਣਾਉਣ ਸਮੇਂ ਮੋਟਰ ਵਹੀਕਲ ਐਕਟ ਅਨੁਸਾਰ ਡਰਾਈਵਰਾਂ ਨੂੰ ਲਾਇਸੈਂਸ ਜਾਰੀ ਕਰਦੇ ਸਮੇਂ ਉਨ੍ਹਾਂ ਕੋਲ ਫਸਟ ਏਡ ਸਿਖਲਾਈ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ।
ਜ਼ਿਲ੍ਹਾ ਟਰੇਨਿੰਗ ਸੁਪਰਵਾਈਜ਼ਰ ਨੇ ਇਹ ਵੀ ਦੱਸਿਆ ਕਿ ਫਸਟ ਏਡ ਅਤੇ ਹੋਮ ਨਰਸਿੰਗ ਦੀ ਟ੍ਰੇਨਿੰਗ ਕਰਕੇ ਹੀ ਜ਼ਿਲ੍ਹਾ ਐਸ.ਏ.ਐਸ. ਨਗਰ ਸਾਲ-2016 ਦੌਰਾਨ ਪੰਜਾਬ ਰਾਜ ਦੇ ਜ਼ਿਲ੍ਹਿਆਂ ਵਿੱਚੋਂ ਪਹਿਲੇ ਨੰਬਰ ਉਤੇ ਰਿਹਾ ਅਤੇ ਪੰਜਾਬ ਦੇ ਰਾਜਪਾਲ ਦੇ ਪੱਧਰ ਉਤੇ ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਕੱਤਰ, ਰੈੱਡ ਕਰਾਸ, ਕਮਲੇਸ਼ ਕੁਮਾਰ ਕੌਸ਼ਲ ਨੇ ਦੱਸਿਆ ਕਿ ਲੋਕ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਮਾਸਕ ਪਾਉਣ, ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋਣ, ਸੋਸ਼ਲ ਡਿਸਟੈਂਸਿੰਗ ਰੱਖਣ, ਖ਼ੂਨਦਾਨ ਕਰਨ ਅਤੇ ਵੱਧ ਤੋਂ ਵੱਧ ਪੌਦੇ ਲਾਉਣ। ਫਸਟ ਏਡ ਟਰੇਨਿੰਗ ਦਾ ਲਾਭ ਲੈਣ ਲਈ ਜ਼ਿਲ੍ਹਾ ਰੈੱਡ ਕਰਾਸ, ਸੇਂਟ ਜਾਨ ਐਂਬੂਲੈਂਸ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਮੋਹਾਲੀ ਵਿਖੇ ਸਥਿਤ ਹੈ। ਫਸਟ ਏਡ ਦੀ ਸਿਖਲਾਈ ਨੈਸ਼ਨਲ ਹੈੱਡ ਕੁਆਟਰ, ਨਵੀਂ ਦਿੱਲੀ ਤੋਂ ਮਨਜ਼ੂਰਸ਼ੁਦਾ ਸਿਲੇਬਸ ਅਨੁਸਾਰ ਟਰੇਂਡ ਲੈਕਚਰਾਰ ਵੱਲੋਂ ਵਧੀਆ ਢੰਗ ਨਾਲ ਕਰਾਉਣ ਦਾ ਪ੍ਰਬੰਧ ਹੈ। ਲੋੜ ਅਨੁਸਾਰ ਰੈੱਡ ਕਰਾਸ ਦੇ ਦਫ਼ਤਰੀ ਫੋਨ ਨੰਬਰ 0172-2219526 ਅਤੇ 98720-89295 ਉਤੇ ਸੰਪਰਕ ਕੀਤਾ ਜਾ ਸਕਦਾ ਹੈ।