ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਲਈ ਆਯੋਜਿਤ ਤਿੰਨ ਰੋਜ਼ਾ ਇਮਿਊਨਿਟੀ ਐਂਡ ਵੈੱਲਬੀਇੰਗ ਪ੍ਰੋਗਰਾਮ ਸਫ਼ਲਤਾ ਪੂਰਵਕ ਹੋਇਆ ਸੰਪੰਨ

ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਯੋਗ/ਸਾਧਨਾ ਦੀ ਟ੍ਰੇਨਿੰਗ ਵਿੱਚ ਦਿਖਾਈ ਡੂੰਘੀ ਦਿਲਚਸਪੀ*
100 ਯੋਗਾ ਟ੍ਰੇਨਰਾਂ ਵੱਲੋਂ 50-50 ਦੇ ਗਰੁੱਪਾਂ ਵਿੱਚ ਵਰਚੁਅਲੀ ਕਰਵਾਇਆ ਗਿਆ ਯੋਗਾ ਅਭਿਆਸ*
ਐਸ.ਏ.ਐਸ. ਨਗਰ, 23 ਜੂਨ 2021
ਸਰਕਾਰੀ ਮੁਲਾਜ਼ਮਾਂ ਦੀ ਭਲਾਈ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚਲਾਇਆ ਤਿੰਨ ਰੋਜ਼ਾ ਇਮਿਊਨਿਟੀ ਐਂਡ ਵੈੱਲਵੀਇੰਗ ਪ੍ਰੋਗਰਾਮ ਅੱਜ ਸਫਲਤਾ ਪੂਰਵਕ ਸੰਪੰਨ ਹੋਇਆ।
ਇਸ ਮੌਕੇ ਸ੍ਰੀਮਤੀ ਆਸ਼ਿਕਾ ਜੈਨ ਏਡੀਸੀ (ਜਨਰਲ) ਨੇ ਆਰਟ ਆਫ਼ ਲੀਵਿੰਗ ਸੰਸਥਾ ਦੀ ਟੀਮ ਦਾ ਯੋਗ/ਸਾਧਨਾ ਦੀ ਟ੍ਰੇਨਿੰਗ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਅਜੋਕੀ ਭੱਜ-ਨੱਠ ਭਰਪੂਰ ਜਿੰਦਗੀ ਤਣਾਅ ਅਤੇ ਮਾਨਸਿਕ ਬਿਮਾਰੀਆਂ ਪੈਦਾ ਕਰਦੀ ਹੈ। ਤਣਾਅ ਗ੍ਰਸਤ ਆਦਮੀ ਦੀ ਇਮਿਊਨਿਟੀ (ਰੋਗਾਂ ਨਾਲ ਲੜਨ ਦੀ ਸ਼ਕਤੀ) ਘੱਟ ਜਾਂਦੀ ਹੈ ਅਤੇ ਉਸ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਲਈ ਆਪਣੇ ਆਪ ਨੂੰ ਤਣਾਅ ਮੁਕਤ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦਿਸ਼ਾ ਵਿੱਚ ਮੈਡੀਟੇਸ਼ਨ (ਸਾਧਨਾ) ਦੀ ਪਿਛਲੀ ਤਿੰਨ ਦਿਨਾਂ ਤੋਂ ਹਾਸਲ ਕੀਤੀ ਟ੍ਰੇਨਿੰਗ ਸਹਾਈ ਹੋ ਸਕਦੀ ਹੈ। ਉਹਨਾਂ ਕਿਹਾ ਕਿ ਹਰੇਕ ਮੁਲਾਜ਼ਮ ਨੂੰ ਕੋਸ਼ਿਸ਼ ਕਰਕੇ ਆਪਣੀ ਸਿਹਤ ਦੀ ਖਾਤਰ ਆਪਣੇ ਆਪ ਨੂੰ ਤਣਾਅ ਮੁਕਤ ਰੱਖਣ ਲਈ ਯੋਗ/ਸਾਧਨਾ ਜਿਹੇ ਤਰੀਕੇ ਅਪਣਾਉਣੇ ਚਾਹੀਦੇ ਹਨ।
ਇਸ ਮੌਕੇ ਦਿਮਾਗ ਦੇ ਰੋਗਾਂ ਦੇ ਮਾਹਰ ਡਾ. ਜੇ.ਪੀ. ਸਿੰਘਵੀ ਨੇ ਕਿਹਾ ਕਿ ਜਿਵੇਂ ਨਿਰੋਈ ਸਿਹਤ ਲਈ ਦੰਦਾਂ ਦੀ ਰੋਜ਼ਾਨਾ ਸਫ਼ਾਈ ਕਰਨਾ ਸਾਡਾ ਨਿਯਮ ਬਣ ਚੁੱਕਾ ਹੈ ਉਸੇ ਤਰ੍ਹਾਂ ਮਾਨਸਿਕ ਸ਼ਾਂਤੀ/ਤਣਾਅ ਮੁਕਤੀ ਲਈ ਰੋਜ਼ਾਨਾ ਸਾਧਨਾ ਵੀ ਸਾਡੀ ਜੀਵਨਜਾਂਚ ਦਾ ਹਿੱਸਾ ਹੋਣਾ ਚਾਹੀਦਾ ਹੈ।
ਸ੍ਰੀ ਸ਼ੁਰੇਸ਼ ਗੋਇਲ ਸਟੇਟ ਕੋਆਰਡੀਨੇਟਰ ਆਰਟ ਆਫ਼ ਲੀਵਿੰਗ, ਅਮਿਤਾ ਬਾਵਾ ਅਤੇ ਐਮ.ਐਸ. ਬੈਂਸ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਆਰਟ ਆਫ਼ ਲੀਵਿੰਗ ਦੇ ਸਹਿਯੋਗ ਨਾਲ ਟ੍ਰੇਨਿੰਗ ਵਰਕਸ਼ਾਪ ਲਗਾਉਣ ਲਈ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਸਟੇਟ ਕੋਆਰਡੀਨੇਟਰ ਟ੍ਰੇਨਰ ਕੋਮਲ ਸਿੰਘਵੀ, ਵਿਵੇਕ ਬਾਂਸਲ ਅਤੇ ਰੇਨੂੰ ਕਾਮਰਾ ਸਮੇਤ 100 ਯੋਗ ਟ੍ਰੇਨਰਾਂ ਵੱਲੋਂ 50-50 ਦੇ ਗਰੁੱਪਾਂ ਵਿੱਚ ਮੁਲਾਜ਼ਮਾਂ ਨੂੰ ਵਰਚੁਅਲ ਢੰਗ ਨਾਲ ਇਮਿਊਨਿਟੀ ਵਧਾਉਣ ਵਾਲੇ ਯੋਗ ਆਸਣਾਂ ਅਤੇ ਤਣਾਅ ਰਹਿਤ ਹੋਣ ਲਈ ਮੈਡੀਟੇਸ਼ਨ ਦੀਆਂ ਤਕਨੀਕਾਂ ਸਿਖਾਈਆਂ ਗਈਆਂ।

Spread the love