ਜ਼ਿਲ੍ਹਾ ਬਰਨਾਲਾ ਦਾ ਕੋਰੋਨਾ ਵੈਕਸੀਨੇਸ਼ਨ ਅੰਕੜਾ 2 ਲੱਖ ਤੋਂ ਪਾਰ

ਕੋਵਿਡ ਟੀਕਾਕਰਨ ਲਈ ਲੋਕਾਂ ਵਿੱਚ ਉਤਸ਼ਾਹ : ਸਿਵਲ ਸਰਜਨ
ਬਰਨਾਲਾ, 21 ਅਗਸਤ 2021
ਸਿਹਤ ਵਿਭਾਗ ਬਰਨਾਲਾ ਵੱਲੋਂ ਕੋਰੋਨਾ ਮਹਾਂਮਾਰੀ ਦੀ ਸੰਭਾਵੀ ਲਹਿਰ ਨੂੰ ਠੱਲ ਪਾਉਣ ਲਈ ਵੈਕਸੀਨੇਸਨ ਅਤੇ ਸੈਂਪਲਿੰਗ ਵਿੱਚ ਤੇਜੀ ਲਿਆਂਦੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਿਲਾ ਪ੍ਰਸਾਸਨ ,ਵੱਖ-ਵੱਖ ਵਿਭਾਗਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਵੈਕਸੀਨ ਲਗਵਾਉਣ ਅਤੇ ਸੈਂਪਲ ਕਰਾਉਣ ਵਿੱਚ ਪੂਰਾ ਸਹਿਯੋਗ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਜਿਲ੍ਹਾ ਬਰਨਾਲਾ ਵਿੱਚ ਕੋਰੋਨਾ ਵੈਕਸੀਨ ਦਾ ਅੰਕੜਾ 2 ਲੱਖ ਤੋਂ ਪਾਰ ਕਰ ਗਿਆ ਹੈ। ਗਰਭਵਤੀ ਅਤੇ ਦੁੱਧ ਚੁੰਘਾਉਂਦੀਆਂ ਮਾਵਾਂ ਵੱਲੋਂ ਵੀ ਟੀਕਾਕਰਨ ਕਰਾਉਣ ਚ ਦਿਲਚਸਪੀ ਦਿਖਾਈ ਜਾ ਰਹੀ ਹੈ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਜਿੰਦਰ ਸਿੰਗਲਾ ਨੇ ਦੱਸਿਆ ਕਿ ਜਿਲ੍ਹਾ ਬਰਨਾਲਾ ਨੂੰ ਜਿੰਨੀ ਮਾਤਰਾ ਵਿੱਚ ਵੈਕਸੀਨ ਪ੍ਰਾਪਤ ਹੁੰਦੀ ਹੈ ਓਹ ਜਲਦੀ ਹੀ ਸਪੈਸਲ ਕੈਂਪ ਲਗਾ ਕੇ ਅਤੇ ਸਿਹਤ ਕੇਂਦਰਾਂ ਵਿੱਚ ਯੋਗ ਲਾਭਪਾਤਰੀ ਨੂੰ ਲਗਾਈ ਜਾਂਦੀ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਹਰ ਇਕ ਨੂੰ ਅਪੀਲ ਕਰਦਾ ਹੈ ਕਿ ਉਹ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਕੋਵਿਡ ਵੈਕਸੀਨ ਜ਼ਰੂਰ ਲਗਵਾਉਣ ਤਾਂ ਜੋ ਇਸ ਜਾਨਲੇਵਾ ਬਿਮਾਰੀ ਤੋਂ ਸੁਰੱਖਿਅਤ ਰਹਿ ਸਕਣ।
ਡਾ. ਰਜਿੰਦਰ ਨੇ ਕਿਹਾ ਕਿ ਗਰਭਵਤੀ ਔਰਤਾਂ ਲਈ ਇਹ ਟੀਕਾ ਬਿਲਕੁਲ ਸੁਰੱਖਿਅਤ ਹੈ ਅਤੇ ਇਸਦਾ ਕੋਈ ਵੀ ਮਾੜਾ ਪ੍ਰਭਾਵ ਨਹੀਂ ਹੈ। ਇਸ ਤੋਂ ਇਲਾਵਾ ਰੁਟੀਨ ਵਿੱਚ ਆਮ ਲੋਕਾਂ ਵਾਂਗ ਗਰਭਵਤੀ ਔਰਤਾਂ ਨੂੰ ਕੋਵਿਡ ਤੋਂ ਸੁਰੱਖਿਆ ਲਈ ਸਰਕਾਰੀ ਸਿਹਤ ਕੇਂਦਰਾਂ ਵਿੱਚ ਇਹ ਟੀਕਾ ਲੱਗਦਾ ਰਹੇਗਾ। ਉਹਨਾਂ ਕਿਹਾ ਕਿ ਇਹ ਟੀਕਾ ਗਰਭ ਅਵਸਥਾ ਦੇ ਕਿਸੇ ਵੀ ਸਮੇਂ ਲਗਾਇਆ ਜਾ ਸਕਦਾ ਹੈ।
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਅਤੇ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਹਰਜੀਤ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੀ ਸੰਭਾਵੀ ਲਹਿਰ ਤੋਂ ਬਚਾਅ ਲਈ ਸੰਚਾਰ ਦੇ ਹਰ ਸੰਭਵ ਸਾਧਨ ਰਾਹੀਂ ਪਿੰਡ ਪੱਧਰ ਤੱਕ ਜਾਗਰੂਕ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਮੌਜੂਦਾ ਸਮੇਂ ਲੋਕ ਬਿਨਾਂ ਕਿਸੇ ਡਰ ਤੋਂ ਕੋਰੋਨਾ ਟੀਕਾਕਰਨ ਕਰਵਾ ਰਹੇ ਹਨ ਤੇ ਹੋਰਾਂ ਨੂੰ ਵੀ ਜਾਗਰੂਕ ਕਰ ਰਹੇ ਹਨ ।

Spread the love